ਦਿਲਪ੍ਰੀਤ ਬਾਬਾ ਨੂੰ ਛੁਡਾਉਣ ਵਾਲਾ ਮਨਕੀਰਤ ਮਨੀ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਦਿਲਪ੍ਰੀਤ ਬਾਬਾ ਨੂੰ ਛੁਡਾਉਣ ਵਾਲਾ ਮਨਕੀਰਤ ਮਨੀ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
BREAKING NEWS
Search

Date

Your browser is not supported for the Live Clock Timer, please visit the Support Center for support.
ਮਨਕੀਰਤ ਮਨੀ

ਦਿਲਪ੍ਰੀਤ ਬਾਬਾ ਨੂੰ ਛੁਡਾਉਣ ਵਾਲਾ ਭਗੌੜਾ ਅਸਲੇ ਸਮੇਤ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ

390


ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਛੁਡਵਾ ਕੇ ਲਿਜਾਣ ਦੀ ਵਾਰਦਾਤ ‘ਚ ਸੀ ਸ਼ਾਮਲ

ਪਟਿਆਲਾ, 25 ਫਰਵਰੀ: ਪਟਿਆਲਾ ਪੁਲਿਸ ਨੇ ਇੱਕ ਅਜਿਹੇ ਭਗੌੜੇ ਗੈਂਗਸਟਰ ਨੂੰ ਉਸਦੇ ਇੱਕ ਸਾਥੀ ਦੇ ਨਾਲ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਹੜਾ ਕਿ ਹੁਸ਼ਿਆਰਪੁਰ ਪੁਲਿਸ ‘ਤੇ ਹਥਿਆਰਬੰਦ ਹਮਲਾ ਕਰਕੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਛੁਡਵਾ ਕੇ ਲਿਜਾਣ ਦੀ ਵਾਰਦਾਤ ‘ਚ ਸ਼ਾਮਲ ਸੀ।

ਦੁਆਬੇ ‘ਚ ਸਰਗਰਮ ਰਹੇ ਦੋਵੇਂ ਸਮਾਜ ਵਿਰੋਧੀ ਅਨਸਰ

ਦੁਆਬੇ ‘ਚ ਸਰਗਰਮ ਰਹੇ ਇਹ ਦੋਵੇਂ ਸਮਾਜ ਵਿਰੋਧੀ ਅਨਸਰ ਕਰੀਬ ਪਿਛਲੇ 1 ਹਫ਼ਤੇ ਤੋਂ ਪਟਿਆਲਾ ‘ਚ ਰਹਿ ਰਹੇ ਸਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ‘ਚ ਸਨ। ਪਟਿਆਲਾ ਪੁਲਿਸ ਵੱਲੋਂ ਕੀਤੀ ਇਸ ਗ੍ਰਿਫ਼ਤਾਰੀ ਬਾਰੇ ਇੱਥੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਮਨਕੀਰਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਰੀਂਹ, ਪੱਟੀ ਡੱਫਰ ਕੀ ਪੱਟੀ ਥਾਣਾ ਸਦਰ ਨਕੋਦਰ ਜਿਲਾ ਜਲੰਧਰ (ਦਿਹਾਤੀ) ਅਤੇ ਦਲਜੀਤ ਸਿੰਘ ਉਰਫ ਡੱਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਾਦਿਕਪੁਰ ਥਾਣਾ ਸਾਹਕੋਟ ਜਿਲਾ ਜਲੰਧਰ (ਦਿਹਾਤੀ) ਵਜੋਂ ਹੋਈ ਹੈ।

ਇਸ ਮੌਕੇ ਐਸ.ਪੀ. (ਸਥਾਨਕ) ਰਵਜੋਤ ਗਰੇਵਾਲ ਅਤੇ ਐਸ.ਪੀ. (ਜਾਂਚ) ਹਰਮੀਤ ਸਿੰਘ ਹੁੰਦਲ ਵੀ ਮੌਜੂਦ ਸਨ।ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਇਹ ਕਾਮਯਾਬੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਕਪਤਾਨ ਪੁਲਿਸ (ਇਨਵੈਸਟੀਗੇਸਨ) ਸ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਚਲਾਏ ਗਏ ਵਿਸ਼ੇਸ਼ ਉਪਰੇਸ਼ਨ ਦੌਰਾਨ ਸੀ.ਆਈ.ਏ. ਸਟਾਫ਼ ਦੇ ਇੰਚਾਰਚ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ 24 ਫਰਵਰੀ ਨੂੰ ਟੀ-ਪੁਆਇਟ ਸਾਧੂ ਬੇਲਾ ਰੋਡ ਅਰਬਨ ਅਸਟੇਟ ਫੇਸ-2 ਨੇੜੇ ਮਨਕੀਰਤ ਸਿੰਘ ਉਰਫ ਮਨੀ ਅਤੇ ਦਲਜੀਤ ਸਿੰਘ ਉਰਫ ਡੱਲੀ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ 7 ਰੌਂਦ ਅਤੇ ਇਕ ਪਿਸਤੋਲ ਦੇਸੀ ਕੱਟਾ 9 ਐਮ.ਐਮ. ਸਮੇਤ 5 ਰੌਂਦ ਬਰਾਮਦ ਹੋਏ।

ਇਹਨਾ ਖ਼ਿਲਾਫ਼ ਮੁਕੱਦਮਾ ਨੰਬਰ 30 ਮਿਤੀ 24/02/2019 ਅ/ਧ 25/54/59 ਅਸਲਾ ਐਕਟ ਥਾਣਾ ਅਰਬਨ ਅਸਟੇਟ ਦਰਜ ਕੀਤਾ ਗਿਆ ਹੈ।

ਸ. ਸਿੱਧੂ ਨੇ ਦੱਸਿਆ ਕਿ ਮਨਕੀਰਤ ਸਿੰਘ ਮਨੀ ਵਿਰੁੱਧ ਇਰਾਦਾ ਕਤਲ, ਲੜਾਈ ਝਗੜੇ ਤੇ ਪੁਲਿਸ ਹਿਰਾਸਤ ਵਿਚੋਂ ਵਿਅਕਤੀ ਭਜਾਉਣ ਆਦਿ ਦੇ ਕੁਲ 5 ਮੁਕੱਦਮੇ ਦਰਜ ਹਨ, ਜਿਹਨਾਂ ਵਿੱਚ ਇਹ ਭਗੌੜਾ ਚੱਲਿਆ ਆ ਰਿਹਾ ਸੀ। ਪਟਿਆਲਾ ਪੁਲਿਸ ਨੂੰ ਵੀ ਥਾਣਾ ਸਿਟੀ ਰਾਜਪੁਰਾ ਦੇ ਮੁਕੱਦਮਾ ਨੰ: 173/2016 ਵਿੱਚ ਵੀ ਲੋੜੀਦਾ ਸੀ ਜਦੋਂਕਿ ਇਸਦਾ ਨੇੜਲਾ ਸਾਥੀ ਦਲਜੀਤ ਸਿੰਘ ਡੱਲੀ ਵੀ ਇਰਾਦਾ ਕਤਲ, ਲੁੱਟ ਖੋਹ, ਐਨ.ਡੀ.ਪੀ.ਐਸ. ਐਕਟ ਦੇ 11 ਮੁਕੱਦਮਿਆਂ ਵਿੱਚ ਲੋੜੀਂਦਾ ਹੈ।

ਵਿਦੇਸ਼ ਜਾ ਕੇ ਆ ਚੁੱਕੇ ਹਨ ਗੈਂਗਸਟਰ

ਇਨ੍ਹਾਂ ਦੋਵਾਂ ਦੇ ਮਾਪੇ ਕੈਨੇਡਾ ਰਹਿੰਦੇ ਹਨ ਤੇ ਇਹ ਆਪਣੇ ਲਈ ਪੈਸਾ ਵੀ ਬਾਹਰੋਂ ਹੀ ਮੰਗਵਾਉਂਦੇ ਸਨ ਅਤੇ ਇਹ ਖ਼ੁਦ ਵੀ ਵਿਦੇਸ਼ ਜਾ ਕੇ ਆ ਚੁੱਕੇ ਹਨ।ਐਸ.ਐਸ.ਪੀ. ਨੇ ਦੱਸਿਆ ਕਿ 18 ਮਈ 2016 ਨੂੰ ਹਰਵਿੰਦਰ ਸਿੰਘ ਰਿੰਦਾ ਅਤੇ ਮਨਕੀਰਤ ਸਿੰਘ ਮਨੀ ਨੇ ਆਪਣੇ ਸਾਥੀਆਂ ਨਾਲ ਕੀਤੀ ਪਲਾਨਿੰਗ ਮੁਤਾਬਿਕ ਹੁਸਿਆਰਪੁਰ ਦੀ ਪੁਲਿਸ ਪਾਰਟੀ ਦਿਲਪ੍ਰੀਤ ਸਿੰਘ ਬਾਬਾ ਪੁੱਤਰ ਉਂਕਾਰ ਸਿੰਘ ਵਾਸੀ ਢਾਹਾ ਜਿਲਾ ਰੋਪੜ ਨੂੰ ਹੁਸਿਆਰਪੁਰ ਜੇਲ ਤੋਂ ਤਰੀਖ ਭੁਗਤਾਉਣ ਲਈ ਰੋਪੜ ਲੈਕੇ ਗਈ ਸੀ, ਤਾਂ ਵਾਪਸੀ ‘ਤੇ ਇਨ੍ਹਾਂ ਨੇ ਪਰੀਤ ਢਾਬਾ ਰੇਲਮਾਜਰਾ ਮੇਨ ਜੀ.ਟੀ.ਰੋਡ ਰੋਪੜ ਕੋਲ ਨਾਜਾਇਜ ਹਥਿਆਰਾਂ ਨਾਲ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਉਸ ਨੂੰ ਛੁਡਵਾ ਲਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 36/2016 ਥਾਣਾ ਕਾਠਗੜ੍ਹ ਜਿਲਾ ਐਸ.ਬੀ.ਐਸ.ਨਗਰ ਦਰਜ ਹੈ ਜਿਸ ‘ਚੋਂ ਮਨਕੀਰਤ ਸਿੰਘ ਉਰਫ ਮਨੀ ਮਈ 2016 ਤੋਂ ਭਗੌੜਾ ਚੱਲਿਆ ਆ ਰਿਹਾ ਸੀ।

ਸ. ਸਿੱਧੂ ਨੇ ਦੱਸਿਆ ਕਿ ਸਾਲ 2015 ਵਿੱਚ ਮਨਕੀਰਤ ਸਿੰਘ ਮਨੀ ਦੀ ਹਰਵਿੰਦਰ ਸਿੰਘ ਰਿੰਦਾ ਨਾਲ ਜਾਣ ਪਹਿਚਾਣ ਹੋਈ ਸੀ ਅਤੇ ਇਸ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਹਰਵਿੰਦਰ ਰਿੰਦੇ ਨਾਲ ਮਿਲਾ ਦਿੱਤਾ ਸੀ। ਫਿਰ ਇਸ ਗੈਂਗ ਨੇ ਪੰਜਾਬ ਵਿੱਚ ਕਤਲ ਲੁੱਟ, ਖੋਹ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਹੀ ਮਈ 2016 ਵਿਚ ਹੀ ਦਿਲਪ੍ਰੀਤ ਸਿੰਘ ਬਾਬਾ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਕੇ ਆਪਣੇ ਨਾਲ ਰਲਾ ਲਿਆ ਸੀ। ਇਸ ਗੈਂਗ ਦੇ ਕੁਝ ਮੈਂਬਰ ਜੇਲ ਵਿਚ ਹਨ ਤੇ ਕੁਝ ਹੁਣ ਵੀ ਭਗੌੜੇ ਚਲੇ ਆ ਰਹੇ ਹਨ ਜਿਨਾਂ ‘ਚੋਂ ਮਨਕੀਰਤ ਸਿੰਘ ਮਨੀ ਵੀ ਮੁੱਖ ਮੈਂਬਰ ਸੀ।


ਗ੍ਰਿਫ਼ਤਾਰੀ ਦੇ ਡਰ ਤੋਂ ਬਚਦਾ ਵਿਦੇਸ਼ ਚਲਾ ਜਾਂਦਾ ਸੀ ਮਨਕੀਰਤ ਸਿੰਘ ਮਨੀ

ਐਸ.ਐਸ.ਪੀ. ਨੇ ਦੱਸਿਆ ਕਿ ਮਨਕੀਰਤ ਸਿੰਘ ਮਨੀ ਜੁਰਮ ਕਰਨ ਤੋਂ ਬਾਅਦ ਆਪਣੀ ਗ੍ਰਿਫ਼ਤਾਰੀ ਦੇ ਡਰ ਤੋਂ ਬਚਦਾ ਵਿਦੇਸ਼ ਚਲਾ ਜਾਂਦਾ ਸੀ, ਹੁਣ ਤੱਕ ਇਕ ਵਾਰੀ ਮਲੇਸ਼ੀਆ ਅਤੇ 3 ਵਾਰੀ ਦੁਬਈ ਵਿਦੇਸ਼ ਜਾ ਚੁੱਕਾ ਹੈ। ਜਿਸ ‘ਚ ਸਭ ਤੋ ਪਹਿਲਾ ਇਹ ਜੁਲਾਈ 2016 ‘ਚ ਮਲੇਸ਼ੀਆ ਗਿਆ, ਫਿਰ 28 ਅਕਤੂਬਰ 2016 ਤੋ 14 ਜੁਲਾਈ 2017 ਤੱਕ ਦੁਬਈ ਰਿਹਾ ਤੇ ਦੁਬਾਰਾ 01 ਅਗਸਤ 2017 ਤੋ 24 ਅਗਸਤ 2017 ਤੱਕ ਦੁਬਈ ਰਿਹਾ ਤੇ ਫਿਰ 03 ਨਵੰਬਰ 2017 ਤੋ 19 ਅਕਤੂਬਰ 2018 ਤੱਕ ਦੁਬਈ ਰਿਹਾ। 2018 ਵਿਚ ਇਸ ਦਾ ਵੀਜਾ ਖਤਮ ਹੋਣ ਉਪਰੰਤ ਹੀ ਅਕਤੂਬਰ 2018 ‘ਚ ਦੁਬਈ ਤੋ ਭਾਰਤ ਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀਂ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਦੀ ਪੁਲਿਸ ਕਲੀਅਰੈਂਸ ਕਿਸ ਤਰ੍ਹਾਂ ਹੁੰਦੀ ਸੀ।

ਸ. ਸਿੱਧੂ ਨੇ ਦੱਸਿਆ ਕਿ ਦਲਜੀਤ ਸਿੰਘ ਡੱਲੀ ਤੇ ਮਨਕੀਰਤ ਸਿੰਘ ਮਨੀ ਆਪਸ ਵਿੱਚ ਪੜ੍ਹਣ ਸਮੇਂ ਤੋ ਇਕ ਦੁਜੇ ਨੂੰ ਜਾਣਦੇ ਸਨ। ਡੱਲੀ ਕੱਬਡੀ ਦਾ ਖਿਡਾਰੀ ਰਿਹਾ ਹੈ ਤੇ ਇਸ ਵਿਰੁੱਧ ਵੀ ਕਤਲ, ਇਰਾਦਾ ਕਤਲ, ਲੁੱਟ ਖੋਹ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮ ਤਹਿਤ 11 ਮੁਕੱਦਮੇ ਦਰਜ ਹਨ। ਡੱਲੀ ਵੀ ਰਣਜੀਤ ਸਿੰਘ ਉਰਫ ਜੀਤਾ ਬਈਆ ਤੇ ਇਸ ਦੇ ਭਰਾ ਹਰਜੀਤ ਸਿੰਘ ਸੋਨੂੰ ਅਤੇ ਹੋਰ ਵਿਅਕਤੀਆ ਨਾਲ ਰਲਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ ਤੇ ਇਹ ਵੀ ਜਨਵਰੀ 2018 ਤੋਂ ਹੀ ਭਗੌੜਾ ਚਲਿਆ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਆਪਣੇ ਹੋਰ ਸਾਥੀਆ ਨਾਲ ਰਲਕੇ ਨਕੋਦਰ, ਫਗਵਾੜਾ ਅਤੇ ਲੋਹੀਆ ਵਿਖੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਦਲਜੀਤ ਸਿੰਘ ਡੱਲੀ ਵੀ ਸਾਲ 2012 ਵਿਚ ਵਿਦੇਸ਼ ਅਮਰੀਕਾ ਜਾ ਰਿਹਾ ਸੀ ਜਿਸ ਨੂੰ ਮਾਸਕਟ ਦੇ ਬਾਰਡਰ ‘ਤੇ ਪੁਲਿਸ ਨੇ ਫੜ ਲਿਆ ਸੀ, ਜਿਥੋਂ ਇਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ।

  ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਗੈਂਗਸਟਰਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮਨਕੀਰਤ ਸਿੰਘ ਮਨੀ ਅਤੇ ਦਲਜੀਤ ਸਿੰਘ ਡੱਲੀ ਆਪਣੀ ਪਹਿਚਾਣ ਛੁਪਾਕੇ, ਵਿਦਿਆਰਥੀਆਂ ਦੇ ਭੇਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਆਸ ਪਾਸ ਦੀਆਂ ਕਲੋਨੀਆ ਵਿੱਚ ਕੋਈ ਪੀ.ਜੀ. ਜਾਂ ਫਿਰ ਕਿਰਾਏ ਦਾ ਮਕਾਨ ਲੈਕੇ ਰਹਿੰਦੇ ਸਨ। ਜਿਥੇ ਇਹਨਾ ਨੇ ਆਪਣੇ ਫਰਾਰ ਚੱਲੇ ਆ ਰਹੇ ਸਾਥੀਆ ਨਾਲ ਸੰਪਰਕ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਮੌਕਾ ਮਿਲਣ ‘ਤੇ ਮਨਕੀਰਤ ਸਿੰਘ ਉਰਫ ਮਨੀ ਵਿਦੇਸ਼ ਜਾਣ ਦੀ ਤਿਆਰੀ ਵਿਚ ਵੀ ਸੀ।

ਸ਼ੱਕੀ ਲੋਕਾਂ ਬਾਰੇ ਸੁਚੇਤ ਰਹਿਣ ਜ਼ਿਲ੍ਹਾ ਨਿਵਾਸੀ

ਇਸ ਮੌਕੇ ਸ. ਸਿੱਧੂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇੱਕ ਵਾਰ ਫੇਰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਰਹਿੰਦੇ ਸ਼ੱਕੀ ਲੋਕਾਂ ਬਾਰੇ ਸੁਚੇਤ ਰਹਿਣ ਅਤੇ ਆਪਣੇ ਸ਼ਹਿਰ ਨੂੰ ਬਚਾਉਣ ਲਈ ਪੁਲਿਸ ਨੂੰ ਸਹਿਯੋਗ ਦਿੰਦਿਆਂ ਆਪਣੇ ਫ਼ਰਜਾਂ ਦਾ ਪਾਲਣ ਵੀ ਕਰਨ। ਉਨ੍ਹਾਂ ਨੇ ਨਾਲ ਹੀ ਪੀ.ਜੀ. ਅਤੇ ਆਪਣੇ ਘਰ ਕਿਰਾਏ ‘ਤੇ ਦੇ ਕੇ ਇਸਦੀ ਸੂਚਨਾ ਪੁਲਿਸ ਨੂੰ ਨਾ ਦੇਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਅਜਿਹੇ ਲੋਕਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣਗੇ। ਇਸ ਮੌਕੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਇੰਸਪੈਕਟਰ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Also Read : Azad Soch Punjabi Epaper
Leave a Reply

Your email address will not be published. Required fields are marked *