
ਪਟਿਆਲਾ, 22 ਅਗਸਤ ( ਹਰਵਿੰਦਰ ਸਿੰਘ ਲਾਲੀ ) : ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਨੂੰ ਝੋਨੇ ਅਤੇ ਕਣਕ ਦੀ ਖਰੀਦ ਤੋਂ ਹਟਾਉਣ ਅਤੇ ਐਗਰੋ ਅੰਦਰ ਕੰਮ ਕਰਦੇ ਕਾਮਿਆਂ ਨੂੰ ਘਰੋਂ ਬੇਘਰ ਕਰਨ ਦੀ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਵਿਰੁੱਧ ਅੱਜ ਪੰਜਾਬ ਐਗਰੋ ਦੇ ਸਮੂਹ ਮੁਲਾਜ਼ਮਾਂ ਵਲੋਂ ਸੂਬਾ ਪੱਧਰੀ ਇਕ ਵਿਸ਼ਾਲ ਰੋਸ ਧਰਨਾ ਪਟਿਆਲਾ ਦੇ ਮਿੰਨੀ ਸਕੱਤਰੇਤ ਨੇੜੇ ਦਿੱਤਾ ਗਿਆ। ਇਸ ਧਰਨੇ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚੋਂ ਧਰਨੇ ਅੰਦਰ ਪਹੁੰਚ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਵਿਰੋਧ ਪ੍ਰਗਟ ਕੀਤਾ ਗਿਆ, ਉਪਰੰਤ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੈਮੋਰੰਡਮ ਸੌਂਪਿਆ। (Punjab Agro Dharna)

ਸੂਬਾ ਪੱਧਰੀ ਧਰਨੇ ਦੀ ਕਿਸਾਨ, ਮੁਲਾਜ਼ਮ ਤੇ ਆੜ੍ਹਤੀ ਐਸੋਸੀਏਸ਼ਨਾਂ ਵਲੋਂ ਹਮਾਇਤ

ਪੰਜਾਬ ਐਗਰੋ (Punjab Agro) ਦੇ ਮੁਲਾਜ਼ਮਾਂ ਵਲੋਂ ਦਿੱਤੇ ਇਸ ਸੂਬਾ ਪੱਧਰੀ ਧਰਨੇ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਇਸ ਧਰਨੇ ਦੀ ਹਮਾਇਤ ਕਰਨ ਲਈ ਪੰਜਾਬ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨਾਲ ਨਾਲ ਵੱਖ ਵੱਖ ਆੜ੍ਹਤੀ ਐਸੋਸੀਏਸ਼ਨਾਂ ਨੇ ਵੀ ਧਰਨੇ ਵਿਚ ਹਾਜ਼ਰੀ ਲਗਵਾਈ।
ਰੋਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸ. ਨਰਿੰਦਰ ਸਿੰਘ, ਗੁਰਚਰਨ ਸਿੰਘ ਪਰੌੜ੍ਹ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਆੜ੍ਹਤੀ ਐਸੋਸੀਏਸ਼ਨ ਦੂਧਨਸਾਧਾਂ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬਾਵਾ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ, ਰਾਜਪੁਰਾ ਤੋਂ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ ਮੇਜਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।
ਧਰਨੇ ਦੌਰਾਨ ਆਗੂਆਂ ਨੇ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਪੰਜਾਬ ਨੂੰ ਮੰਡੀਆਂ ਵਿਚੋਂ ਖਰੀਦ ਤੋਂ ਬਾਹਰ ਕਰਨ ਦੇ ਫੈਸਲੇ ਨੂੰ ਮੁਲਾਜ਼ਮ ਤੇ ਕਿਸਾਨ ਵਿਰੋਧੀ ਫੈਸਲਾ ਗਰਦਾਨਿਆ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨਿੱਜੀਕਰਨ ਦੇ ਰਾਹ ‘ਤੇ ਤੁਰ ਚੁੱਕੀ ਹੈ, ਜਿਸਦਾ ਪਹਿਲਾ ਕੁਹਾੜਾ ਪੰਜਾਬ ਸਰਕਾਰ ‘ਤੇ ਚਲਾਇਆ ਗਿਆ ਹੈ।
ALSO WATCH VIDEO SONG : KHARCHE SINGER GURNAM BHULLAR
Punjab Agro ਨੂੰ ਖਰੀਦ ਤੋਂ ਹਟਾ ਕੇ ਸਰਕਾਰ ਨੇ ਕਿਰਸਾਨੀ ਦੇ ਨਿਜੀਕਰਨ ਵੱਲ ਕਦਮ ਵਧਾਇਆ : ਕਿਸਾਨ ਆਗੂ
ਕਿਸਾਨ ਆਗੂ ਨਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਅੱਜ ਪੰਜਾਬ ਐਗਰੋ (Punjab Agro) ਦੀ ਖਰੀਦ ਬੰਦ ਕਰ ਰਹੀ ਹੈ ਅਤੇ ਕੱਲ੍ਹ ਨੂੰ ਪਨਸਪ, ਮਾਰਕਫੈਡ ਜਾਂ ਫਿਰ ਵੇਅਰ ਹਾਊਸ ਦੀ ਨੂੰ ਵੀ ਖਰੀਦ ਤੋਂ ਬਾਹਰ ਕੱਢ ਕੇ ਮੰਡੀਕਰਨ ਨੂੰ ਨਿਜੀ ਹੱਥਾਂ ‘ਚ ਸੌਂਪਣ ਦੀ ਫਿਰਾਕ ਵਿਚ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਹਰਗਿਜ਼ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਆਖਿਆ ਕਿ ਸਾਡੀ ਜਥੇਬੰਦੀ ਪੰਜਾਬ ਐਗਰੋ ਦੇ ਮੁਲਾਜ਼ਮਾਂ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਇਨ੍ਹਾਂ ਦੇ ਸੰਘਰਸ਼ ਵਿਚ ਪੂਰੀ ਤਨਦੇਹੀ ਨਾਲ ਸਾਥ ਦੇਵੇਗੀ।
ਇਸ ਮੌਕੇ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਮੁਲਾਜ਼ਮ ਯੂਨੀਅਨ ਦੇ ਉਪ ਪ੍ਰਧਾਨ ਸ. ਲਾਲ ਸਿੰਘ ਪੂਨੀਆ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਕੋਝੀਆਂ ਚਾਲਾਂ ਚੱਲ ਕੇ ਮੁਲਾਜ਼ਮ ਏਕਤਾ ਨੂੰ ਦੋਫਾੜ ਕਰਨਾ ਚਾਹੁੰਦੀ ਹੈ ਤਾਂ ਜੋ ਆਪਣੇ ਮਨਸੂਬਿਆਂ ਵਿਚ ਪੂਰੀ ਉਤਰ ਸਕੇ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਪੰਜਾਬ ਐਗਰੋ ਦੀ ਖਰੀਦ ਬੰਦ ਕਰਕੇ ਕੋਈ ਲਾਭ ਹੋਣ ਵਾਲਾ ਨਹੀਂ ਹੈ। ਜੇਕਰ ਸਰਕਾਰ ਨੇ ਇਹ ਕਦਮ ਚੁੱਕਣਾ ਹੀ ਸੀ ਤਾਂ ਐਫ ਸੀ ਆਈ ਦਾ ਸ਼ੇਅਰ ਵਧਾਉਣ ਲਈ ਜ਼ੋਰ ਪਾਉਣਾ ਚਾਹੁੰਦੀ ਸੀ, ਕਿਉਂਕਿ ਪੰਜਾਬ ਐਗਰੋ ਦੀ ਖਰੀਦ ਬੰਦ ਕਰਕੇ ਕਿਸੇ ਹੋਰ ਸਟੇਟ ਏਜੰਸੀ ਨੂੰ ਦੇਣ ਨਾਲ ਇਕ ਆਨੇ ਦਾ ਵੀ ਲਾਭ ਹੋਣ ਵਾਲਾ ਨਹੀਂ। ਇਸ ਸਭ ਨਾਲ ਸਿਰਫ਼ ਤੇ ਸਿਰਫ਼ ਮੁਲਾਜ਼ਮ ਪ੍ਰਭਾਵਿਤ ਹੋਣਗੇ। ਉਨ੍ਹਾਂ ਹੋਰ ਆਖਿਆ ਕਿ ਸਰਕਾਰ ਪੱਕੇ ਮੁਲਾਜ਼ਮਾਂ ਨੂੰ ਤਾਂ ਕਿਸੇ ਹੋਰ ਏਜੰਸੀਆਂ ਵਿਚ ਐਡਜੈਸਟ ਕਰਨ ਦੀ ਗੱਲ ਕਰ ਰਹੀ ਹੈ, ਪਰ ਐਗਰੋ ਅੰਦਰ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਘਰ ਤੋਰਨ ਦੀ ਜੋ ਕਵਾਇਦ ਸ਼ੁਰੂ ਕੀਤੀ ਹੈ, ਉਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਆਗੂ ਦਵਿੰਦਰ ਕੌਰ ਰੋਪੜ ਨੇ ਆਖਿਆ ਕਿ ਸਰਕਾਰ ਪੰਜਾਬ ਐਗਰੋ ਦੇ ਮੁਲਾਜ਼ਮਾਂ ਨਾਲ ਜੋ ਧੱਕਾ ਕਰ ਰਹੀ ਹੈ, ਉਸ ਵਿਰੁੱਧ ਜਿਥੋਂ ਤੱਕ ਹੋਇਆ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਮੁੱਖ ਮੰਤਰੀ ਦੇ ਮਹਿਲ ਦਾ ਘਿਰਾਓ ਦਾ ਹੋਵੇਗਾ। ਪਿਛਲੇ ਲੰਮੇਂ ਸਮੇਂ ਠੇਕਾ ਅਧਾਰਤ ਕਾਮੇ ਸਿਰਫ਼ ਤੇ ਸਿਰਫ਼ ਇਸੇ ਆਸ ਵਿਚ ਨਿਗੁਣੀਆਂ ਤਨਖ਼ਾਹਾਂ ‘ਤੇ ਕੰਮ ਕਰ ਰਹੇ ਸਨ ਕਿ ਸਰਕਾਰ ਉਨ੍ਹਾਂ ਨੂੰ ਪੱਕਾ ਕਰ ਦੇਵੇਗੀ, ਪਰ ਜਦੋਂ ਅੱਜ ਉਨ੍ਹਾਂ ਦੀ ਉਮਰ 42-49 ਸਾਲ ਹੋ ਚੁੱਕੀਆਂ ਹਨ, ਹੁਣ ਸਾਨੂੰ ਘਰ ਤੋਰ ਕੇ ਸਰਕਾਰ ਸਾਡੇ ਘਰਾਂ ਦੇ ਚੁੱਲ੍ਹੇ ਜਿਥੇ ਠੰਢੇ ਕਰਨ ‘ਤੇ ਤੁਲੀ ਹੋਈ ਹੈ ਉਥੇ ਹੀ ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਰਹੀ ਹੈ।
ਮੰਗਾਂ ਨਾ ਮੰਨੇ ਜਾਣ ‘ਤੇ ਮੁੱਖ ਮੰਤਰੀ ਦੇ ਮਹਿਲ ਵੱਲ ਵਿਸ਼ਾਲ ਰੋਸ ਮਾਰਚ ਕੱਢਣ ਦਾ ਫੈਸਲਾ
ਅਖ਼ੀਰ ਵਿਚ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਐਗਰੋ ਦੀ ਖਰੀਦ ਬੰਦ ਕਰਨ ਦੇ ਹੁਕਮ ਰੱਦ ਕੀਤੇ ਜਾਣ ਨਹੀਂ ਤਾਂ ਸਰਕਾਰ ਵਿਰੁੱਧ ਸਮੂਹ ਮੁਲਾਜ਼ਮ ਅਤੇ ਹਮਖਿਆਲੀ ਜਥੇਬੰਦੀਆਂ ਸੜਕਾਂ ‘ਤੇ ਉਤਰ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ।
ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚੱਕ ਅੰਮ੍ਰਿਤਸਰੀਆ, ਸੁਰਿੰਦਰ ਸਿੰਘ ਸ਼ਾਹਪੁਰ, ਜਸਵੰਤ ਸਿੰਘ ਖੇੜੀ ਗੰਢਿਆ, ਜਸਬੀਰ ਸਿੰਘ ਖੇੜੀ ਰਾਜੂ, ਨਾਹਰ ਸਿੰਘ , ਸਾਧੂ ਸਿੰਘ ਮਵੀ ਕਲਾਂ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਤੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼, ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਪੰਜਾਬ ਐਗਰੋ ਪਟਿਆਲਾ ਤੋਂ ਵਿਕਾਸ ਕੇਸ਼ਵ, ਜਸਬੀਰ ਕੌਰ, ਸੁਖਜੀਤ ਸਿੰਘ, ਅਸ਼ਵਨੀ, ਤਰਨਜੀਤ ਸਿੰਘ ਰੋਪੜ, ਮੈਡਮ ਅੰਜੂ ਧਵਨ ਚੰਡੀਗੜ੍ਹ, ਪੂਨਮ ਨਹਿਰਾ ਚੰਡੀਗੜ੍ਹ, ਹਰਵਿੰਦਰ ਸਿੰਘ ਭੁੱਚੋਂ, ਨਵਦੀਪ ਸਿੰਘ ਸੰਗਰੂਰ, ਜਤਿੰਦਰ ਗਿੱਲ ਜਲੰਧਰ, ਪਰਮਵੀਰ ਸਿੰਘ ਤਰਨਤਾਰਨ, ਜਗਦੀਪ ਸਿੰਘ ਅੰਮ੍ਰਿਤਸਰ, ਪਵਨ ਕੁਮਾਰ ਬਠਿੰਡਾ, ਸੁਰਿੰਦਰ ਕੌਰ ਮੋਹਾਲੀ, ਅਮਨਦੀਪ ਸਿੰਘ ਰਾਜਪੁਰਾ ਸਣੇ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।
ALSO READ : THE ROYAL CITY PATIALA
Punjab Agro Dharna