ਅੱਜ ਦੇ ਦਿਨ ਇੰਦਰਾ ਗਾਂਧੀ ਦੀ ਹੱਤਿਆ ਨਾਲ ਜੁੜੇ ਹੋਏ ਵਿਸ਼ੇਸ਼ ਰਾਜ ? ਜਾਣੋ ਪੂਰੀ ਕਹਾਣੀ ਅੱਜ ਦੇ ਦਿਨ ਇੰਦਰਾ ਗਾਂਧੀ ਦੀ ਹੱਤਿਆ ਨਾਲ ਜੁੜੇ ਹੋਏ ਵਿਸ਼ੇਸ਼ ਰਾਜ ? ਜਾਣੋ ਪੂਰੀ ਕਹਾਣੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Indra Gandhi

ਅੱਜ ਦੇ ਦਿਨ ਇੰਦਰਾ ਗਾਂਧੀ ਦੀ ਹੱਤਿਆ ਨਾਲ ਜੁੜੇ ਹੋਏ ਵਿਸ਼ੇਸ਼ ਰਾਜ ? ਜਾਣੋ ਪੂਰੀ ਕਹਾਣੀ

283

ਮੌਤ ਦੀ ਖ਼ਬਰ ਦੇਣ ਵਾਲਾ ਸਭ ਤੋਂ ਪਹਿਲਾ ਰੇਡੀਓ ਬੀ.ਬੀ.ਸੀ.

31 ਅਕਤੂਬਰ 1984 ਵਾਲੇ ਦਿਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indra Gandhi) ਨੂੰ ਸਵੇਰੇ 9 ਵੱਜ ਕੇ 18 ਮਿੰਟ ‘ਤੇ ਗੋਲੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ 9 ਵੱਜ ਕੇ 30 ਮਿੰਟ ‘ਤੇ ਹਸਪਤਾਲ ਪਹੁੰਚਾ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜਣ ਦੀ ਖ਼ਬਰ ਤਾਂ 10-11 ਵਜੇ ਤੱਕ ਅਕਾਸ਼ਬਾਣੀ ਨਾਮ ਵਾਲੇ ਸਰਕਾਰੀ ਰੇਡੀਓ ਦੇ ਜਰੀਏ ਨਸ਼ਰ ਹੋ ਗਈ ਸੀ। ਪਰ ਮੌਤ ਦੀ ਖ਼ਬਰ ਦੇਣ ਵਾਲਾ ਸਭ ਤੋਂ ਪਹਿਲਾ ਰੇਡੀਓ ਬੀ.ਬੀ.ਸੀ. ਸੀ ਜਿਸ ਨੇ ਦੁਪਹਿਰ 1 ਵਜੇ ਇਹ ਖ਼ਬਰ ਆਪਣੇ ਰੇਡੀਓ ਤੋਂ ਸੁਣਾਈ । ਹਸਪਤਾਲ ਵੱਲੋਂ ਇੰਦਰਾ ਗਾਂਧੀ ਦੀ ਮੌਤ ਦਾ ਬਕਾਇਦਾ ਐਲਾਨ ਏਮਜ਼ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਏ.ਐਨ. ਸਫੱਈਆ ਵੱਲੋਂ 4 ਵਜੇ ਓਪਰੇਸ਼ਨ ਥੇਟਰ ਦੇ ਬਾਹਰ ਕੀਤਾ। 12 ਵਜੇ ਸ਼੍ਰੀਮਤੀ ਗਾਂਧੀ ਦੇ ਨਿੱਜੀ ਸਕੱਤਰ ਆਰ.ਕੇ. ਧਵਨ ਨੇ ਹਸਪਤਾਲ ਦੇ ਬਾਹਰ ਆਉਂਦਿਆਂ ਇਹ ਕਿਹਾ ਕਿ ਅਜੇ ਕੁਝ ਨਹੀਂ ਆਖਿਆ ਜਾ ਸਕਦਾ ਕਿਉਂਕਿ ਮੈਡਮ ਹਾਲੇ ਓਪ੍ਰੇਸ਼ਨ ਥੇਟਰ ਵਿੱਚ ਹੀ ਹਨ । ਸਰਾਕਰੀ ਰੇਡੀਓ ਅਕਾਸ਼ਬਾਣੀ ਨੇ ਸ਼ਾਮ ਨੂੰ 6 ਵਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਦਿੱਤੀ।

ਉਦੋਂ ਤੱਕ ਇਹੀ ਕਿਹਾ ਗਿਆ ਕਿ ਡਾਕਟਰ ਸ਼੍ਰੀਮਤੀ ਇੰਦਰਾ ਗਾਂਧੀ (Indra Gandhi) ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਪਰ ਓਧਰ ਗੋਲੀਆਂ ਮਾਰਨ ਵਾਲਾ ਸਰਦਾਰ ਸਤਵੰਤ ਸਿੰਘ ਸਵੇਰੇ ਲੱਗਭੱਗ ਪੌਣੇ 10 ਵਜੇ ਹੀ ਪ੍ਰਧਾਨ ਮੰਤਰੀ ਦੀ ਮੌਤ ਦਾ ਐਲਾਨ ਕਰ ਚੁੱਕਿਆ ਸੀ। ਸਰਕਾਰੀ ਤੰਤਰ ਨੇ ਸਤਵੰਤ ਸਿੰਘ ਦੇ ਐਲਾਨ ਨੂੰ ਪੂਰੇ ਜ਼ੋਰ ਨਾਲ ਲੁਕੋ ਕੇ ਰੱਖਿਆ। ਸਤਵੰਤ ਸਿੰਘ ਦੇ ਇਸ ਐਲਾਨ ਦੇ ਸੱਚੇ ਹੋਣ ਦੀ ਤਸਦੀਕ ਹਸਪਤਾਲ ਦੇ ਰਿਕਾਰਡ ਤੋਂ ਵੀ ਹੁੰਦੀ ਹੈ। ਹਸਪਤਾਲ ਦੇ ਡਾਕਟਰਾਂ ਨੇ ਬਕਾਇਦਾ ਲਿਖਿਆ ਹੈ ਕਿ ਇੰਦਰਾ ਗਾਂਧੀ ਨੂੰ ਮੋਈ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ।

     ਬੀ.ਬੀ.ਸੀ. ਦਾ ਨਾਮਾਨਿਗਾਰ ਸਤੀਸ਼ ਜੈਕਬ ‘ਦਾ ਟੈਲੀਗ੍ਰਾਫ਼’ ਅਖ਼ਬਾਰ ਨੂੰ 26 ਅਕਤੂਬਰ 2014 ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਦਾ ਹੈ ਕਿ 31 ਅਕਤੂਬਰ ਸਵੇਰੇ ਸਾਢੇ 9 ਵਜੇ ਜਦੋਂ ਮੈਂ ਆਪਦੇ ਘਰ ਨੂੰ ਜਿੰਦਾ ਮਾਰਕੇ ਹਟਿਆ ਹੀ ਸੀ ਤਾਂ ਮੈਨੂੰ ਅੰਦਰ ਟੈਲੀਫੋਨ ਦੀ ਘੰਟੀ ਖੜਕਦੀ ਸੁਣੀ। ਜੱਕਾਂ-ਤੱਕਾਂ ਵਿੱਚ ਮੈਂ ਜਿੰਦਾ ਖੋਲ੍ਹ ਕੇ ਮੁੜ ਅੰਦਰ ਵੜਿਆ ਤੇ ਟੈਲੀਫੋਨ ਸੁਣਿਆ। ਜਿਸ ਵਿੱਚ ਮੇਰੇ ਇੱਕ ਪੱਤਰਕਾਰ ਮਿੱਤਰ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਘਰ ਚ ਮੈਨੂੰ ਖ਼ੈਰ ਨਹੀਂ ਜਾਪਦੀ। ਹਫੜਾ-ਦਫੜੀ ਦੇ ਮਾਹੌਲ ਵਿੱਚ ਮੈਂ ਇੱਕ ਐਂਬੂਲੈਂਸ ਪ੍ਰਧਾਨ ਮੰਤਰੀ ਦੇ ਘਰੋਂ ਘੁੱਗੂ ਮਾਰਦੀ ਨਿਕਲਦੀ ਦੇਖੀ ਗਈ ਹੈ।

ਜੈਕਬ ਦੱਸਦਾ ਹੈ ਕਿ ਮੈਂ ਫੌਰਨ ਰਾਜੀਵ ਗਾਂਧੀ ਦੇ ਸੈਕਟਰੀ ਵਿਨਸੈਂਟ ਜੌਰਜ ਨੂੰ ਫੋਨ ‘ਤੇ ਸਿੱਧਾ ਹੀ ਪੁੱਛ ਲਿਆ ਕਿ ਇਹ ਭਾਣਾ ਕਿਵੇਂ ਵਾਪਰਿਆ। ਮੇਰੇ ਵੱਲੋਂ ਸਿੱਧਾ ਭਾਣਾ ਕਿਵੇਂ ਵਾਪਰਿਆ ਪੁੱਛਣ ‘ਤੇ ਜਾਰਜ ਨੇ ਸਮਝਿਆ ਕਿ ਮੈਨੂੰ ਗੱਲ ਪਤਾ ਲੱਗ ਚੁੱਕੀ ਹੈ ਜਿਸ ਕਰਕੇ ਜਾਰਜ ਨੇ ਮੈਨੂੰ ਦੱਸ ਦਿੱਤਾ ਕਿ ਮੈਡਮ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਉਨ੍ਹਾਂ ਨੂੰ ਏਮਜ਼ ਹਸਪਤਾਲ ਲਿਜਾਇਆ ਗਿਆ ਹੈ। ਜੈਕਬ 10 ਵਜੇ ਸਿੱਧਾ ਏਮਜ਼ ਪੁੱਜ ਗਿਆ।

 ਇੰਦਰਾ ਗਾਂਧੀ (Indra Gandhi) ਨੂੰ ਗੋਲੀਆਂ ਮਾਰਨ ਤੋਂ ਬਾਅਦ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਬਾਕੀ ਸਿਕਿਉਰਟੀ ਮੁਲਾਜ਼ਮਾਂ ਨੂੰ ਮੁਖਾਤਿਬ ਹੋ ਕੇ ਕਿਹਾ ‘ਲਓ! ਅਸੀਂ ਜੋ ਕਰਨਾ ਸੀ ਕਰਤਾ ਹੁਣ ਜੋ ਥੋਡੀ ਮਰਜ਼ੀ ਆ ਤੁਸੀਂ ਕਰੋ’। ਸਿਕਿਉਰਟੀ ਮੁਲਾਜ਼ਮ ਉਨ੍ਹਾਂ ਨੂੰ ਫੜ੍ਹ ਕੇ ਕੁਆਟਰ ਗਾਰਡ ਵਿੱਚ ਲੈ ਗਏ ਕਿ ਦੋਵਾਂ ਨੂੰ ਗੋਲੀਆਂ ਮਾਰੀਆਂ ਤੇ ਉਨ੍ਹਾਂ ਨੂੰ ਮਰ ਚੁੱਕੇ ਸਮਝ ਲਿਆ। ਸਰਦਾਰ ਬੇਅੰਤ ਸਿੰਘ ਦੀ ਮੌਤ ਤਾਂ ਮੌਕੇ ‘ਤੇ ਹੀ ਹੋ ਗਈ ਜਦ ਕਿ ਸਤਵੰਤ ਸਿੰਘ ਦੇ ਸਾਹ ਚਲਦੇ ਰਹੇ। ਦੋਵਾਂ ਨੂੰ ਐਂਬੂਲੈਂਸ ਵਿੱਚ ਪਾ ਕੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹਸਪਤਾਲ ਦੇ ਅਮਲੇ ਨੂੰ ਇਹ ਇਤਲਾਹ ਮਿਲੀ ਸੀ ਕਿ ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜੀਆਂ ਨੇ ਤੇ ਉਨ੍ਹਾਂ ਨੂੰ ਇੱਥੇ ਲਿਆਇਆ ਜਾ ਰਿਹਾ ਹੈ।

     ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਯੂਰੋਲੌਜੀ ਡਿਪਾਰਟਮੈਂਟ ਦੇ ਹੈੱਡ ਡਾਕਟਰ ਰਾਜੀਵ ਸੂਦ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੈਨੂੰ ਇੱਕ ਨਰਸ ਨੇ ਆ ਕੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜੀਆਂ ਨੇ ਤੇ ਉਨ੍ਹਾਂ ਨੂੰ ਇੱਥੇ ਲਿਆਇਆ ਜਾ ਰਿਹਾ ਹੈ। ਮੈਨੂੰ ਮੇਰੇ ਸੀਨੀਅਰ ਨੇ ਕਿਹਾ ਕਿ ਤੁਸੀਂ ਛੇਤੀ ਕੈਜ਼ੂਇਲਟੀ ਵਿੱਚ ਚਲੇ ਜਾਓ। ਡਾ. ਸੂਦ ਦੱਸਦੇ ਹਨ ਕਿ ਮੈਂ ਹੈਰਾਨ ਹੋਇਆ ਕਿ ਜਦੋਂ ਕੈਜ਼ੂਇਲਟੀ ਵਿੱਚ ਪੁਲਿਸ ਵਾਲੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਲੈ ਆਏ। ਸਤੀਸ਼ ਜੈਕਬ ਨੂੰ ਜਿਹੜੇ ਬੰਦੇ ਨੇ ਇਹ ਖ਼ਬਰ ਦਿੱਤੀ ਸੀ ਕਿ ਉਨੇ ਪ੍ਰਧਾਨ ਮੰਤਰੀ ਦੇ ਘਰੋਂ ਐਂਬੂਲੈਂਸ ਨਿਕਲਦੀ ਦੇਖੀ ਹੈ ਉਹ ਸਤਵੰਤ ਸਿੰਘ ਵਾਲੀ ਹੀ ਸੀ। ਕਿਉਂਕਿ ਇੰਦਰਾ ਗਾਂਧੀ ਨੂੰ ਚੱਕਣ ਵੇਲੇ ਤਾਂ ਐਂਬੂਲੈਂਸ ਦਾ ਡਰਾਇਵਰ ਹੀ ਨਹੀਂ ਸੀ ਥਿਆਇਆ ਤੇ ਉਨ੍ਹਾਂ ਨੂੰ ਅਬੈਸਡਰ ਕਾਰ ਰਾਹੀਂ ਹੀ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ। ਜੈਕਬ ਨੂੰ ਐਂਬੂਲੈਂਸ ਨਿਕਲਣ ਦੀ ਇਤਲਾਹ ਦੇਣ ਮੌਕੇ ਸਾਢੇ 9 ਦਾ ਟਾਇਮ ਸੀ ਜੀਹਦਾ ਮਤਲਬ ਇਹ ਨਿਕਲਦਾ ਹੈ ਕਿ ਸਤਵੰਤ ਸਿੰਘ ਨੂੰ ਵੱਧ ਤੋਂ ਵੱਧ ਪੌਣੇ 10 ਤੱਕ ਹਸਪਤਾਲ ਪੁਚਾ ਦਿੱਤਾ ਗਿਆ ਹੋਵੇਗਾ। ਇਹ ਓਹੀ ਟਾਇਮ ਹੈ ਜਦੋਂ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਮੌਤ ਹੋ ਜਾਣ ਦਾ ਐਲਾਨ ਕੀਤਾ।

ਡਾ. ਰਾਜੀਵ ਸੂਦ ਦੱਸਦੇ ਹਨ ਕਿ ਸਟਰੈਚਰ ‘ਤੇ ਪਏ ਸਤਵੰਤ ਸਿੰਘ ਨੇ ਪੰਜਾਬੀ ਵਿੱਚ ਗਰਜ ਕੇ ਕਿਹਾ ‘ਸ਼ੇਰਾਂ ਵਾਲਾ ਕੰਮ ਕਰ ਦਿੱਤਾ, ਮੈਂ ਉਹਨੂੰ ਮਾਰ ਦਿੱਤਾ’। ਜਾਹਿਰ ਹੈ ਕਿ ਡਾ. ਸੂਦ ਤੋਂ ਇਲਾਵਾ ਸਹਾਇਕ ਡਾਕਟਰਾਂ ਤੇ ਹੋਰ ਅਮਲੇ ਫੈਲੇ ਨੇ ਵੀ ਸਤਵੰਤ ਸਿੰਘ ਦੇ ਇਸ ਐਲਾਨ ਨੂੰ ਸੁਣਿਆ ਹੋਵੇਗਾ। ਸਤਵੰਤ ਸਿੰਘ ਦੀ ਰਾਖੀ ‘ਤੇ ਦੋ ਪੁਲਿਸ ਮੁਲਾਜਿਮ ਕੈਜ਼ੂਐਲਟੀ ਦੇ ਅੰਦਰ ਖੜ੍ਹੇ ਕੀਤੇ ਗਏ। ਬਾਹਰ ਹੋਰ ਗਾਰਡ ਇਹ ਹਦਾਇਤ ਦੇ ਕੇ ਬਿਠਾਏ ਗਏ ਕਿ ਅੰਦਰਲੇ ਪਹਿਰੇਦਾਰਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ। ਇਹ ਖ਼ਤਰਾ ਸੀ ਕਿ ਅੰਦਰਲੇ ਮੁਲਾਜ਼ਮ ਬਾਹਰ ਆ ਕੇ ਸਤਵੰਤ ਸਿੰਘ ਵੱਲੋਂ ਆਖੀਆਂ ਤੇ ਹੋਰ ਕਹੀਆਂ ਜਾ ਸਕਣ ਵਾਲੀਆਂ ਗੱਲਾਂ ਬਾਹਰ ਲੀਕ ਨਾ ਕਰ ਦੇਣ। ਸੋ ਇਸ ਤਰੀਕੇ ਨਾਲ ਸਤਵੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਮੌਤ ਬਾਬਤ ਸਭ ਤੋਂ ਪਹਿਲਾਂ ਦੁਨੀਆਂ ਨੂੰ ਦਿੱਤੀ ਖ਼ਬਰ ਨੂੰ ਪੂਰਾ ਜ਼ੋਰ ਲਾ ਕੇ ਲਕੋਇਆ ਗਿਆ। ਭਾਵੇਂ ਇਹਨੂੰ ਲਕੋ ਲਿਆ ਗਿਆ ਪਰ ਸਭ ਤੋਂ ਪਹਿਲੀ ਖ਼ਬਰ ਸਤਵੰਤ ਸਿੰਘ ਨੇ ਹੀ ਜਾਰੀ ਕੀਤੀ ਸੀ।

ਆਓ! ਹੁਣ ਦੇਖਦੇ ਹਾਂ ਕਿ ਪੌਣੇ 10 ਵਜੇ ਸਤਵੰਤ ਸਿੰਘ ਵੱਲੋਂ ਇੰਦਰਾ ਦੀ ਮੌਤ ਤਸਦੀਕ ਕਿਨੀ ਕੁ ਸਹੀ ਹੈ। ਪਹਿਲੀ ਗੱਲ ਇਹ ਕਿ ਇਸ ਗੱਲ ਦਾ ਸਭ ਤੋਂ ਵੱਧ ਇਲਮ ਸਤਵੰਤ ਸਿੰਘ ਨੂੰ ਹੀ ਸੀ ਕਿ ਇੰਦਰਾ ਗਾਂਧੀ ਦੇ ਕਿੰਨੀਆਂ ਗੋਲੀਆਂ ਵੱਜੀਆਂ ਨੇ ਤੇ ਕਿੱਥੇ-ਕਿੱਥੇ ਵੱਜੀਆਂ ਨੇ। ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ‘ਚੋਂ 25 ਗੋਲੀਆਂ ਇੰਦਰਾ ਗਾਂਧੀ ‘ਤੇ ਦਾਗੀਆਂ ਤੇ ਸਾਰੀਆਂ ਦੀਆਂ ਸਾਰੀਆਂ ਗੋਲੀਆਂ ਇੰਦਰਾ ਦੇ ਸਰੀਰ ਵਿੱਚ ਖੁੱਭੀਆਂ। ਹਸਪਤਾਲ ਨੇ 30 ਗੋਲੀਆਂ ਵੱਜਣ ਦੀ ਤਸਦੀਕ ਕੀਤੀ ਹੈ। 6 ਗੋਲੀਆਂ ਬੇਅੰਤ ਸਿੰਘ ਦੇ ਪਸਤੌਲ ‘ਚੋਂ ਚੱਲੀਆਂ। ਜਿਨਾਂ ‘ਚੋਂ 1 ਗੋਲੀ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਵੱਜੀ। ਇੰਦਰਾ ਗਾਂਧੀ ਦੇ ਢਿੱਡ ਵਿੱਚ ਐਨ ਨੇੜਿਓਂ ਵੱਜੀਆਂ 30 ਗੋਲੀਆਂ ਨਾਲ ਹੀ ਉਨ੍ਹਾਂ ਦੇ ਜਿਊਂਦੇ ਬਚਣ ਦਾ ਕੋਈ ਚਾਂਸ ਨਹੀਂ ਹੋ ਸਕਦਾ। ਢਿੱਡ ਵਿੱਚ ਵੱਜੀਆਂ ਗੋਲੀਆਂ ਨੇ ਪਿੱਠ ਵਿੱਚ ਕਮਰੋੜ ਸਪਾਈਨਲ ਕੌਰਡ) ਦੇ 4 ਮਣਕੇ ਵੀ ਉਡਾ ਦਿੱਤੇ ਸੀ। ਇਨ੍ਹਾਂ ਹਾਲਾਤਾਂ ਵਿੱਚ ਸਤਵੰਤ ਸਿੰਘ ਨੂੰ ਇੰਦਰਾ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਬਿਲਕੁਲ ਯਕੀਨ ਸੀ।

ਡਾਕਟਰੀ ਨਜ਼ਰੀਏ ਮੁਤਾਬਕ ਵੀ ਕਿਸੇ ਮਨੁੱਖ ਦੇ ਗੋਲ਼ੀਆਂ ਨਾਲ ਚਾਰ ਵਰਟੀਬਰੇ ਉੱਡ ਜਾਣ ਨਾਲ ਜਾਨ ਬਚਣ ਦੀ ਸੰਭਾਵਨਾ ਅੱਧਾ ਫੀਸਦ ਵੀ ਨਹੀਂ ਰਹਿੰਦੀ।ਏਮਜ਼ ਹਸਪਤਾਲ ਦੀ ਕੈਜ਼ੂਐਲਟੀ ਵਿੱਚ ਜਦੋਂ ਡਾਕਟਰਾਂ ਨੇ ਸ਼੍ਰੀਮਤੀ ਗਾਂਧੀ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਦੀ ਨਬਜ਼ ਰੁਕੀ ਹੋਈ ਸੀ ਅੱਖਾਂ ਖੁੱਲ੍ਹੀਆਂ ਤੇ ਖੜ੍ਹੀਆਂ ਸਨ। ਅੱਖਾਂ ਵਿੱਚ ਰੌਸ਼ਨੀ ਪਾ ਕੇ ਚੈੱਕ ਕੀਤਾ ਗਿਆ ਤੇ ਦੇਖਿਆ ਗਿਆ ਕਿ ਅਲਾਮਤ ਉਹ ਹੈ ਜੋ ਦਿਮਾਗ ਡੈੱਡ ਹੋਣ ਵੇਲੇ ਹੁੰਦੀ ਹੈ। ਭਾਵ ਦਿਮਾਗ ਅਤੇ ਦਿਲ ਦੋਵੇਂ ਕੰਮ ਛੱਡ ਚੁੱਕੇ ਨੇ। ਡਾਕਟਰਾਂ ਨੇ ਇੰਦਰਾ ਗਾਂਧੀ ਦੇ ਉਥੇ ਹਾਜ਼ਰ ਖਾਸਮਖਾਸ ਬੰਦਿਆਂ ਆਰ.ਕੇ ਧਵਨ ਅਤੇ ਐਮ.ਐਲ. ਫੋਤੇਦਾਰ ਨੂੰ ਸਪੱਸ਼ਟ ਆਖ ਦਿੱਤਾ ਕੰਮ ਖ਼ਤਮ ਜਾਪਦਾ ਹੈ ਤੇ ਤੁਸੀਂ ਮੈਡਮ ਨੂੰ ਮਰ ਚੁੱਕੀ ਸਮਝ ਕੇ ਜੋ ਕੋਈ ਤਿਆਰੀ-ਬਿਆਰੀ ਕਰਨੀ ਹੈ ਉਹ ਸ਼ੁਰੂ ਕਰ ਸਕਦੇ ਹੋ ਪਰ ਆਖ਼ਰ ਨੂੰ ਉਹ ਪ੍ਰਧਾਨ ਮੰਤਰੀ ਸੀ ਇੰਝ ਇੰਨੀ ਛੇਤੀ ਕਿਵੇਂ ਉਹਨੂੰ ਮੋਈ ਸਮਝ ਕੇ ਕੋਈ ਹੋਰ ਹੀਲਾ ਨਾ ਕੀਤਾ ਜਾਂਦਾ। ਨਾਲੇ ਸ਼੍ਰੀਮਤੀ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਦੇ ਰਾਜਧਾਨੀ ਪੁੱਜਣ ਦੀ ਉਡੀਕ ਵੀ ਕੀਤੀ ਜਾਣੀ ਸੀ ਜੋ ਕੇ ਉਸ ਦਿਨ ਪੱਛਮੀ ਬੰਗਾਲ ਦੇ ਦੌਰੇ ਤੇ ਸੀ ।

ਮੈਡਮ ਨੂੰ ਅੱਧੇ ਪੌਣੇ ਘੰਟੇ ਤੋਂ ਬਾਅਦ ਕੈਜ਼ੂਐਲਟੀ ਤੋਂ ਓਪਰੇਸ਼ਨ ਥੇਟਰ ਵਿੱਚ ਸ਼ਿਫਟ ਕੀਤਾ ਗਿਆ। ਉਥੇ ਉਨ੍ਹਾਂ ‘ਤੇ ਉਹ ਜੰਤਰ ਲਾਏ ਗਏ ਜੋ ਫੇਫੜਿਆਂ ਤੇ ਦਿਲ ਦੇ ਕੰਮ ਛੱਡਣ ਦੇ ਬਾਵਜੂਦ ਵੀ ਖੂਨ ਦਾ ਸਰਕਲ ਚਲਾ ਸਕਦੇ ਹਨ। ਇਸ ਤਰੀਕੇ ਨਾਲ ਮੈਡਮ ਨੂੰ ੮੮ ਬੋਤਲਾਂ ਖੂਨ ਚਾੜਿਆ ਗਿਆ ਜੋ ਕਿ ਸਰੀਰ ਦੇ ਕੁੱਲ ਖੂਨ ਦਾ 4-5 ਗੁਣਾ ਬਣਦਾ ਹੈ। ਇਹ ਤਾਂ ਕੀਤਾ ਗਿਆ ਕਿ ਜਿੰਨਾ ਖੂਨ ਸਰੀਰ ‘ਚੋਂ ਨਿੱਕਲ ਰਿਹਾ ਹੈ ਉਹ ਪੂਰਾ ਹੁੰਦਾ ਰਹੇ। ਪਰ ਅਖੀਰ ਨੂੰ ਬਾਅਦ ਦੁਪਹਿਰ ਢਾਈ ਵਜੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਪਰ ਇਸ ਗੱਲ ‘ਤੇ ਡਾਕਟਰਾਂ ਵਿੱਚ ਬਹਿਸ ਹੋਈ ਕਿ ਮੌਤ ਦਾ ਸਮਾਂ ਕਿੰਨੇ ਵਜੇ ਦਾ ਮਿੱਥਿਆ ਜਾਵੇ। ਅਖੀਰ ਨੂੰ ਇਹ ਸਰਟੀਫਿਕੇਟ ਬਣਾਇਆ ਗਿਆ ਕਿ ਸ਼੍ਰੀਮਤੀ ਗਾਂਧੀ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ।

ਹਸਪਤਾਲ ਦਾ ਇਹ ਸਰਟੀਫਿਕੇਟ ਵੀ ਸਤਵੰਤ ਸਿੰਘ ਦੀ ਦਿੱਤੀ ਜਾਣਕਾਰੀ ਦੀ ਤਸਦੀਕ ਕਰਦਾ ਹੈ।ਪੋਸਟ ਮਾਰਟਮ ਵਿੱਚ ਇੰਦਰਾ ਗਾਂਧੀ ਦੇ ਸਰੀਰ ਚ ਤੀਹ ਗੋਲੀਆਂ ਵੱਜਣ ਅਤੇ ਰੀੜ ਦੀ ਹੱਡੀ ਦੇ ਚਾਰ ਮਣਕੇ ਉੱਡ ਜਾਣ ਦੀ ਰਿਪੋਰਟ ਦੇਣੀ ਤੇ ਉਹਨੂੰ ਮੋਈ ਹਾਲਤ ਵਿੱਚ ਲਿਆਉਣ ਦੀ ਗੱਲ ਲਿਖੇ ਜਾਣਾ ਸਾਬਤ ਕਰਦਾ ਹੈ ਕਿ ਮੈਡਮ ਦੀ ਮੌਤ ਮੌਕੇ ਤੇ ਹੀ ਗਈ ਸੀ ।ਇਨਾ ਹਾਲਤਾਂ ਦੇ ਮੱਦੇਨਜਰ ਸਤਵੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਮੌਤ ਦੀ ਤਸਦੀਕ ਵਾਲਾ ਐਲਾਨ ਬਿਲਕੁਲ ਦਰੁਸਤ ਸਾਬਤ ਹੁੰਦਾ ਹੈ । ਕਿਉਂਕਿ ਡਾਕਟਰਾਂ ਨੇ ਜੋ ਕੁਝ ਪੋਸਟ ਮਾਰਟਮ ਚ ਦੇਖਿਆ ਉਹਦਾ ਸਤਵੰਤ ਨੂੰ ਪਹਿਲਾਂ ਹੀ ਪਤਾ ਸੀ , ਤੇ ਬਲਕਿ ਕੀਤਾ ਹੀ ਉਹਨੇ ਸੀ । ਭਾਵੇਂ ਸਤਵੰਤ ਸਿੰਘ ਦੇ ਇਸ ਐਲਾਨ ਨੂੰ ਸੁਨਣ ਵਾਲ਼ਿਆਂ ਨੇ ਮੌਕੇ ਤੇ ਉਹਦੀ ਗੱਲ ਨੂੰ ਇਤਬਾਰ ਲਾਇਕ ਨਾ ਵੀ ਮੰਨਿਆ ਹੋਵੇ ਪਰ ਇਹ ਸਹੀ ਸੀ । ਸਤਵੰਤ ਸਿੰਘ ਵੱਲੋਂ ਆਖੀ ਗਈ ਇਸ ਗੱਲ ਨੂੰ ਸਰਕਾਰ ਨੇ ਜੋਰ ਲਾ ਕੇ ਹੋਰ ਅਗਾਂਹ ਫੈਲਣ ਤੋਂ ਰੋਕ ਲਿਆ ਪਰ ਉਹ ਇੰਦਰਾ ਗਾਂਧੀ ਦੀ ਫੌਤਗੀ ਨੂੰ ਨਸ਼ਰ ਕਰਨ ਵਾਲਾ ਪਹਿਲਾ ਸਖਸ਼ ਬਣ ਗਿਆ ।

ਗੁਰਪ੍ਰੀਤ ਸਿੰਘ ਮੰਡਿਆਣੀ- 88726-64000

ALSO READ: Jordan Sandhu New Song JATTIYE NI

ALSO READ: ਸ਼ਟਿੰਗ ਅਪ੍ਰੇਸ਼ਨ ਦੌਰਾਨ ਅਮਰਗੜ੍ਹ ‘ਚ ਗਰੀਬਾਂ ਨੂੰ ਵੰਡਣ ਵਾਲੀ ਕਣਕ ਤੇ ਸ਼ਰੇਆਮ ਪਾਈਪ ਨਾਲ ਪਾਣੀ ਪਾਉਦਾਂ ਫੜਿਆ ਮਹਿਕਮਾ

ALSO READ: AZAD SOCH EPAPER
Leave a Reply

Your email address will not be published. Required fields are marked *