ਪ੍ਰਕਾਸ਼ ਪੁਰਬ: ਕੈਨੇਡਾ ਤੋਂ ਬੱਸ ਰਾਹੀਂ ਨਿਕਲੇ ਸਿੱਖ ਯਾਤਰੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਪ੍ਰਕਾਸ਼ ਪੁਰਬ: ਕੈਨੇਡਾ ਤੋਂ ਬੱਸ ਰਾਹੀਂ ਨਿਕਲੇ ਸਿੱਖ ਯਾਤਰੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

Live Clock Date

Your browser is not supported for the Live Clock Timer, please visit the Support Center for support.
Parkash Purb

ਕੈਨੇਡਾ ਤੋਂ ਬੱਸ ਰਾਹੀਂ ਵਿਸ਼ਵ ਯਾਤਰਾ ’ਤੇ ਨਿਕਲੇ ਸਿੱਖ ਯਾਤਰੀਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

153

550ਵੇਂ ਪ੍ਰਕਾਸ਼ ਪੁਰਬ ਸਬੰਧੀ ਟੌਰਾਂਟੋ ਤੋਂ ਸ਼ੁਰੂ ਕੀਤੀ ਸੀ ਯਾਤਰਾ


ਅੰਮ੍ਰਿਤਸਰ, 18 ਨਵੰਬਰ 2019 : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਨੇਡਾ ਤੋਂ ਵਿਸ਼ਵ ਯਾਤਰਾ ’ਤੇ ਨਿਕਲੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਅੰਮ੍ਰਿਤਸਰ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।

ਕੈਨੇਡਾ ਦੇ ਟੌਰਾਂਟੋ ਤੋਂ ਕਰੀਬ ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਯਾਤਰਾ ਵੱਖ-ਵੱਖ ਦੇਸ਼ਾਂ ਤੋਂ ਹੁੰਦੀ ਹੋਈ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਵਾਹਗਾ ਅਟਾਰੀ ਸਰਹੱਦ ਰਾਹੀਂ ਬੀਤੇ ਕੱਲ੍ਹ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੀ ਸੀ।

ਯਾਤਰਾ ’ਚ ਸ਼ਾਮਲ ਇਹ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਦਾ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਹੋਰ ਅਧਿਕਾਰੀਆਂ ਨੇ ਸਨਮਾਨ ਕੀਤਾ।

ਸ. ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਨ ਨਿਕਲੇ ਇਸ ਜਥੇ ਵਿਚ 8 ਮੈਂਬਰ ਸ਼ਾਮਲ ਹਨ। ਸ. ਬਨਵੈਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਰੀਬ 2 ਮਹੀਨੇ ਦੇ ਸਫ਼ਰ ਦੌਰਾਨ 17 ਦੇਸ਼ਾਂ ਦੀ ਯਾਤਰਾ ਕੀਤੀ ਹੈ।

ਇਸ ਦੌਰਾਨ ਉਨ੍ਹਾਂ ਨੇ ਪਹਿਲੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਤੇ ਸਿੱਖਿਆਵਾਂ ਸਬੰਧੀ ਵੱਖ-ਵੱਖ ਦੇਸ਼ਾਂ ਵਿਚ ਸਾਹਿਤ ਵੀ ਵੰਡਿਆ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਰੌਸ਼ਨੀ ਵਿਚ ਵਿਸ਼ਵ ਸ਼ਾਂਤੀ ਦਾ ਸੁਨੇਹਾ ਫੈਲਾਉਣਾ ਸੀ। ਉਨ੍ਹਾਂ ਕਿਹਾ ਕਿ ਹਰ ਦੇਸ਼ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ ਹੈ। ਜਿਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੀ ਵੱਸੋਂ ਨਹੀਂ ਹੈ, ਉਥੇ ਵੀ ਲੋਕਾਂ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਯਾਤਰਾ ਲਈ ਟੌਰਾਂਟੋ ਦੇ ਵਸਨੀਕ ਅਮੀਰ ਖਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜੋ ਪਿੱਛੋਂ ਲਾਹੌਰ ਦੇ ਰਹਿਣ ਵਾਲੇ ਹਨ। ਸ. ਬਨਵੈਤ ਅਨੁਸਾਰ ਉਨ੍ਹਾਂ ਨੇ ਯਾਤਰਾ ਦੌਰਾਨ 21 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਤਹਿਤ ਉਹ ਇੰਗਲੈਂਡ, ਪੈਰਸ, ਜਰਮਨ, ਸਵਿਟਰਜਰਲੈਂਡ, ਹਾਲੈਂਡ, ਬੈਲਜੀਅਮ, ਅਸਟ੍ਰੀਆ, ਹੰਗਰੀ, ਟਰਕੀ, ਇਰਾਨ, ਪਾਕਿਸਤਾਨ, ਭਾਰਤ ਆਦਿ ਦੇਸ਼ਾਂ ਵਿਚ ਗਏ।

ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਨਮਾਨ ਲਈ ਧੰਨਵਾਦ ਵੀ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਸ਼ਵ ’ਚ ਸਿੱਖ ਪਛਾਣ ਨੂੰ ਉਭਾਰਨ ’ਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਸਿੱਖ ਕੌਮ ਨੂੰ ਮਾਣ ਹੈ ਕਿ ਗੁਰੂ ਦੇ ਅਜਿਹੇ ਸਿੱਖ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ’ਚ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਨੇ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਪਾਇਆ ਹੈ ਅਤੇ ਕੈਨੇਡਾ ਤੋਂ ਸ਼ੁਰੂ ਕੀਤੀ ਗਈ ਇਹ ਯਾਤਰਾ ਵੀ ਇਸੇ ਦਾ ਹੀ ਇਕ ਹਿੱਸਾ ਹੈ।

ਦੱਸਣਯੋਗ ਹੈ ਕਿ ਪੰਜਾਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਮਗਰੋਂ ਇਹ ਯਾਤਰੀ ਮੁੰਬਈ ਤੋਂ ਵਾਪਸ ਕੈਨੇਡਾ ਲਈ ਰਵਾਨਾ ਹੋਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਨਿਸ਼ਾਨ ਸਿੰਘ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਮਲਕੀਤ ਸਿੰਘ ਬਹਿੜਵਾਲ ਅਤੇ ਹੋਰ ਮੌਜੂਦ ਸਨ।

ALSO READ: ਚੰਡੀਗੜ੍ਹ ਦੇ ਸੈਕਟਰ 53 ‘ਚੋਂ ਮਿਲਿਆ ਮੁਟਿਆਰ ਕੁੜੀ ਦਾ ਪਿੰਜ਼ਰ
ALSO READ: ਜਾਣੋ ਕਿਉਂ ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਕਿਹਾ ਸੀ ‘ਸਭ ਤੋਂ ਖ਼ਤਰਨਾਕ
ALSO READ: ਰੋਜ਼ਾਨਾ ਆਜ਼ਾਦ ਸੋਚ ਪੰਜਾਬੀਂ ਅਖਬਾਰ
Leave a Reply

Your email address will not be published. Required fields are marked *