-84 ਕਮਰਿਆਂ ਵਾਲੀ ਮਹਿੰਦਰਾ ਕੋਠੀ ਦੀ ਪੁਰਾਤਨ ਦਿੱਖ ਬਹਾਲ ਕਰਕੇ, ਪ੍ਰਦਰਸ਼ਤ ਕੀਤੇ ਜਾਣਗੇ ਪੁਰਾਤਨ ਸਿੱਕੇ ਤੇ ਬੇਸ਼ਕੀਮਤੀ ਮੈਡਲ
-70 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਕੇ ਮਹਿੰਦਰਾ ਕੋਠੀ ਬਣੇਗੀ ਅਨਮੋਲ ਵਿਰਾਸਤ ਦਾ ਸ਼ਿੰਗਾਰ
-2900 ਤੋਂ ਵਧੇਰੇ ਵਿਰਾਸਤੀ ਸਿੱਕੇ, 3200 ਮੈਡਲ ਤੇ ਹੋਰ ਪੁਰਤਾਨ ਵਸਤਾਂ ਹੋਣਗੀਆਂ ਪ੍ਰਦਰਸ਼ਤ-ਮਹਾਰਾਜਾ ਭੁਪਿੰਦਰ ਸਿੰਘ ਦੇ ਮੈਡਲ,
-ਮਹਾਰਾਜਾ ਰਣਜੀਤ ਸਿੰਘ ਦੇ ਆਰਡਰਾਂ ਸਮੇਤ ਵਿਸ਼ਵ ਦੇ ਕਈ ਮੁਲਕਾਂ ਦੇ ਮੈਡਲ ਤੇ ਸਜਾਵਟੀ ਵਸਤਾਂ ਦੇਖ ਸਕਣਗੇ ਆਮ ਲੋਕ
ਪਟਿਆਲਾ, 15 ਜਨਵਰੀ,(AZAD SOCH NEWS):- ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਅਤੇ ਬੇਸ਼ਕੀਮਤੀ ਸਿੱਕਿਆਂ ਦਾ ਮਿਊਜੀਅਮ ਜੋਕਿ ਕਿਸੇ ਸਮੇਂ ਪੁਰਾਤਨ ਇਮਾਰਤ ਸ਼ੀਸ਼ ਮਹਿਲ ਦਾ ਸ਼ਿੰਗਾਰ ਬਣੇ ਹੋਏ ਸਨ, ਨੂੰ ਬਹੁਤ ਜਲਦ ਹੀ ਇੱਥੇ ਮਾਲ ਰੋਡ ‘ਤੇ ਸਥਿਤ ਮਹਿੰਦਰਾ ਕੋਠੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਵਾਲੇ ਇਸ ਪ੍ਰਾਜੈਕਟ ‘ਤੇ ਕਰੀਬ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।
ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ 84 ਕਮਰਿਆਂ ਵਾਲੀ ਪੁਰਾਤਨ ਮਹਿੰਦਰਾ ਕੋਠੀ ਦੀ ਵਿਰਾਸਤੀ ਦਿੱਖ ਬਹਾਲ ਕਰਕੇ ਨਾਯਾਬ ਤੇ ਬੇਸ਼ਕੀਮਤੀ ਮੈਡਲਜ਼, ਪੁਰਾਤਨ ਸਿੱਕੇ ਤੇ ਹੋਰ ਸਜਾਵਟੀ ਵਸਤਾਂ ਇੱਥੇ ਪ੍ਰਦਰਸ਼ਤ ਕੀਤੀਆਂ ਜਾਣਗੀਆਂ,ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਇਕੱਤਰ ਕੀਤੇ ਗਏ।
3200 ਤੋਂ ਵੀ ਵਧੇਰੇ ਮੈਡਲਜ਼, ਆਰਡਰਜ਼ ਅਤੇ 3000 ਦੇ ਕਰੀਬ ਪੁਰਾਤਨ ਸਿੱਕਿਆਂ ਨੂੰ ਬਾਅਦ ਵਿੱਚ ਉਨ੍ਹਾਂ ਨੇ ਪੰਜਾਬ ਮਿਊਜੀਅਮ ਨੂੰ ਤੋਹਫ਼ੇ ਵਜੋਂ ਸੌਂਪ ਦਿੱਤਾ ਸੀ, ਵਿੱਚ ਮਹਾਰਾਜਾ ਭੁਪਿੰਦਰ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਖ਼ੁਦ ਦੇ ਆਪਣੇ ਮੈਡਲ ਵੀ ਸ਼ਾਮਲ ਹਨ,ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਮੈਡਲ ਗੈਲਰੀ, ਮਹਾਰਾਜਾ ਨਰਿੰਦਰ ਸਿੰਘ ਵੱਲੋਂ 1847 ‘ਚ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ ‘ਤੇ ਤਿਆਰ ਕਰਵਾਏ ਗਏ ਪੁਰਾਣੇ ਮੋਤੀ ਬਾਗ ਦੇ ਸ਼ੀਸ਼ ਮਹਿਲ ਵਿਖੇ ਪ੍ਰਦਰਸ਼ਤ ਕੀਤੀ ਗਈ ਸੀ।
ਇਹ ਵੀ ਪੜ੍ਹੋ:- ਪਰਨੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੀਆਂ ਫਲੈਗਸ਼ਿਪ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ
ਉਨ੍ਹਾਂ ਦੱਸਿਆ ਕਿ ਪਰੰਤੂ ਉਥੇ ਜਗ੍ਹਾ ਦੀ ਘਾਟ ਹੋਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਦੇ ਰੂਬਰੂ ਕਰਵਾਉਣ ਦੇ ਮਕਸਦ ਨਾਲ ਮਹਿੰਦਰਾ ਕੋਠੀ ਨੂੰ ਏਸ਼ੀਅਨ ਵਿਕਾਸ ਬੈਂਕ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਕੀਤੇ ਇੱਕ ਵਿਸ਼ੇਸ਼ ਪ੍ਰਾਜੈਕਟ ਅਧੀਨ ਕਰੀਬ 70 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਇਸ ਬੇਸ਼ਕੀਮਤੀ ਖ਼ਜ਼ਾਨੇ ਦੀ ਪ੍ਰਦਰਸ਼ਨੀ ਵਾਸਤੇ ਤਿਆਰ ਕਰਵਾਇਆ ਹੈ।
ਲੋਕ ਸਭਾ ਮੈਂਬਰ ਨੇ ਦੱਸਿਆ ਕਿ ਮੈਡਲ ਗੈਲਰੀ ਤੇ ਸਿੱਕਿਆਂ ਦੇ ਮਿਊਜੀਅਮ ‘ਚ ਨਾਨਕਸ਼ਾਹੀ ਸਿੱਕਿਆਂ ਤੋਂ ਇਲਾਵਾ ਪਟਿਆਲਾ, ਨਾਭਾ, ਮਾਲੇਰਕੋਟਲਾ ਤੇ ਜੀਂਦ ਆਦਿ ਰਿਆਸਤਾਂ ਦੇ ਸਿੱਕੇ, ਈਸਟ ਇੰਡੀਆ ਕੰਪਨੀ, ਅਕਬਰੀ, ਮੁਗਲਸ਼ਾਹੀ ਸਿੱਕੇ ਤੇ ਪਟਿਆਲਾ ਸ਼ਾਹੀ ਖ਼ਜ਼ਾਨਾ, ਪੰਚ ਮਾਰਕ, ਕੁਸ਼ਨਸ, ਯੌਧਿਅਜ, ਸ਼ਾਹੀਜ, ਸਾਮੰਤ ਦੇਵ, ਗਧੀਆ, ਦਿਲੀ ਸਲਤਨਤ, ਪਠਾਣ ਤੇ ਮੁਗ਼ਲ ਕਾਲ ਦੇ ਸਿੱਕੇ ਵੀ ਮੌਜੂਦ ਸਨ।
ਇਸ ਤੋਂ ਬਿਨ੍ਹਾਂ ਦੋ ਦਰਜਨ ਮੁਲਕਾਂ ਦੇ ਮੈਡਲਜ਼, ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਆਰਡਰਜ, ਚਾਈਨਾ ਡਬਲ ਡਰੈਗਨ ਆਰਡਰ, ਇੰਗਲੈਂਡ, ਵਿਕਟੋਰੀਅਨ ਕਰਾਸ, ਮੈਡਲਜ਼, ਨਾਯਾਬ ਤੇ ਦਿਲਕਸ਼ ਸਜਾਵਟੀ ਵਸਤਾਂ, ਜੋਕਿ ਵਿਸ਼ਵ ਦੀ ਸਭ ਤੋਂ ਵੱਡੀ ਗੈਲਰੀ ਵਜੋਂ ਜਾਣੀ ਜਾਂਦੀ ਹੈ, ਪਟਿਆਲਾ ਵਿਖੇ ਆਮ ਲੋਕਾਂ ਤੇ ਸੈਲਾਨੀਆਂ ਲਈ ਖਿਚ ਦਾ ਕੇਂਦਰ ਬਣਨਗੀਆਂ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਦੁਨੀਆਂ ਦੇ ਵਿਰਾਸਤੀ ਨਕਸ਼ੇ ‘ਤੇ ਪਹਿਲਾਂ ਹੀ ਉਭਰ ਰਿਹਾ ਹੈ ਅਤੇ ਇਹ ਮੈਡਲ ਗੈਲਰੀ ਤੇ ਸਿੱਕਿਆਂ ਦਾ ਮਿਊਜੀਅਮ, ਇਸ ਦਿਸ਼ਾ ‘ਚ ਹੋਰ ਠੋਸ ਕਦਮ ਸਾਬਤ ਹੋਵੇਗਾ।ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇਸ਼ ਪ੍ਰਾਜੈਕਟ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ ਤਾਂ ਕਿ ਜਲਦੀ ਹੀ ਇਸ ਪ੍ਰਾਜੈਕਟ ਨੂੰ ਪੰਜਾਬ ਵਾਸੀਆਂ ਦੇ ਸਪੁਰਦ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਹਿੰਦਰਾ ਕੋਠੀ ਦੇ ਜਮੀਨੀ ਤੇ ਉਪਰਲੀ ਮੰਜ਼ਿਲ ‘ਤੇ ਸਥਿਤ 84 ਕਮਰਿਆਂ ਨੂੰ ਚੂਨੇ ‘ਚ ਸੁਰਖੀ ਪਾ ਕੇ, ਗੂਗਲ, ਮੇਥੇ, ਜੂਟ, ਸੀਰਾ, ਇੱਟਾਂ ਪੀਹ ਕੇ ਬਣਾਏ ਚੂਰਨ, ਪ੍ਰਾਈਮ ਕੜਾ ਤੇ ਮਾਰਬਲ ਪਾਊਡਰ ਆਦਿ ਸਮਗਰੀ ਵਰਤਕੇ ਪੁਰਾਤਨ ਦਿੱਖ ਪ੍ਰਦਾਨ ਕੀਤੀ ਗਈ ਹੈ, ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਮੈਡਲਾਂ ਤੇ ਸਿੱਕਿਆਂ ਦੀ ਵਿਧੀਵਤ ਪ੍ਰਦਰਸ਼ਨੀ ਅਤੇ ਇਸ ਦੀ ਸਜਾਵਟ ਆਦਿ ਦੇ ਅਗਲੇ ਕੰਮਾਂ ਲਈ ਮੁੰਬਈ ਦੀ ਪ੍ਰਸਿੱਧ ਮਿਊਜੀਅਮ ਡਿਜਾਇਨਰ ਸੁਰੰਜਨਾ ਸਤਵਾਲੇਕਰ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ ਤਾਂ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਸਿੱਕਿਆਂ ਅਤੇ ਮੈਡਲਜ਼ ਸਮੇਤ ਹੋਰ ਸਜਾਵਟੀ ਵਸਤਾਂ ਦੀ ਇਤਿਹਾਸਕ, ਵਿਰਸਾਸਤੀ ਤੇ ਪੁਰਾਤਨ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਕਿ,ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੋਵੇਗਾ
AZAD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow