Chandigarh,(AZAD SOCH NEWS):- ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵਿਧਾਨ ਸਭਾ ਹਲਕਾ ਧੂਰੀ (Assembly Constituency Dhuri) ਤੋਂ ਉਮੀਦਵਾਰ ਬਣਾਇਆ ਗਿਆ ਹੈ,ਇਹ ਐਲਾਨ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਇੱਕ ਪ੍ਰੈੱਸ ਕਾਨਫ਼ਰੰਸ (Press Conference) ਵਿਚ ਕੀਤਾ ਹੈ,ਰਾਘਵ ਚੱਢਾ ਨੇ ਕਿਹਾ, ” ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਸੂਬੇ ‘ਚ ਰਾਜਨੀਤਿਕ ਤਬਦੀਲੀ ਲਈ ਸਾਹ ਅਸਵਾਰ ਮੰਨਦੇ ਹਨ, ਕਿਉਂਕਿ ਮਾਨ ਆਮ ਲੋਕਾਂ ਦੇ ਦੁੱਖਾਂ ਤੇ ਖ਼ੁਸ਼ੀਆਂ ਦੇ ਭਾਈਵਾਲ ਹਨ ਅਤੇ ਉਸ ਦੇ ਦਿਲ ‘ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਜਾੜੇ ਦਾ ਦਰਦ ਹੈ।
”ਰਾਘਵ ਚੱਢਾ ਨੇ ਵੱਡੇ ਵਿਸ਼ਵਾਸ ਨਾਲ ਕਿਹਾ ਕਿ ਮਾਨ ਹਲਕਾ ਧੂਰੀ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ,ਉਹਨਾਂ ਨਾਲ ਹੀ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਪੰਜਾਬ ਲਈ ‘ਇੱਕ ਤੇ ਇੱਕ ਗਿਆਰਾਂ’ ਭਾਵ ਜੇਤੂ ਤੇ ਲਾਭਦਾਇਕ ਸਿੱਧ ਹੋਵੇਗੀ, ਕਿਉਂਕਿ ਪੰਜਾਬ ਦੇ ਲੋਕ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ (People of Punjab Bhagwant Mann And Arvind Kejriwal) ਨੂੰ ਦਿਲ ਤੋਂ ਪਿਆਰ ਕਰਦੇ ਹਨ ਅਤੇ ਇਹਨਾਂ ਦੋਵਾਂ ਕੋਲੋਂ ਪੰਜਾਬ ਸਮੇਤ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ, ਸਰਕਾਰੀ ਸਾਧਨਾਂ ਦੀ ਸੁਰੱਖਿਆ ਕਰਨ ਅਤੇ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੀ ਉਮੀਦ ਰੱਖਦੇ ਹਨ।
ਭਗਵੰਤ ਮਾਨ ਬਾਰੇ ਜਾਣਕਾਰੀ ਦਿੰਦਿਆਂ ਰਾਘਵ ਚੱਢਾ ਨੇ ਕਿਹਾ, ”ਭਗਵੰਤ ਮਾਨ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਹਨ ਅਤੇ ਉਹ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ,ਮਾਨ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕੀਤਾ,ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਦੋ ਵਾਰ 2014 ਅਤੇ 2019 ਵਿੱਚ ਲੋਕ ਸਭਾ ਮੈਂਬਰ ਚੁਣਿਆ ਅਤੇ ਸੰਗਰੂਰ ਦੇ ਲੋਕਾਂ ਦੀ ਇੱਛਾ ਸੀ ਕਿ ਭਗਵੰਤ ਮਾਨ ਇਸੇ ਜ਼ਿਲੇ ਵਿਚੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਚੋਣ ਲੜਨ। ਇਸ ਲਈ ‘ਆਪ’ ਨੇ ਬਹੁਤ ਖ਼ੁਸ਼ੀ ਅਤੇ ਸਤਿਕਾਰ ਨਾਲ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਹੈ।
”ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੇਵਲ ਆਮ ਆਦਮੀ ਪਾਰਟੀ ਹੀ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਮੈਦਾਨ ਵਿੱਚ ਉਤਰ ਰਹੀ ਹੈ ਅਤੇ ਮੁੱਖ ਮੰਤਰੀ ਦਾ ਉਮੀਦਵਾਰ ਵੀ ਸੂਬੇ ਦੇ ਲੋਕਾਂ ਨੇ ਚੁਣਿਆ ਹੈ, ਜਿਹੜਾ ਪੰਜਾਬ ਨੂੰ ਆਰਥਿਕ, ਸਮਾਜਿਕ, ਵਿੱਦਿਅਕ ਅਤੇ ਰਾਜਨੀਤਿਕ ਖੇਤਰ ਵਿੱਚ ਵਿਕਸਤ ਕਰਨ ਦਾ ਮਾਦਾ ਰੱਖਦਾ ਹੈ,ਉਹਨਾਂ ਉਮੀਦ ਜਤਾਈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣਗੇ।
ਰਾਘਵ ਚੱਢਾ ਨੇ ਕਿਹਾ ਕਿ ਦੇਸ਼ ‘ਚ ਸੋਨੀ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਸੱਤਾਧਾਰੀ ਪਾਰਟੀਆਂ ਨੇ ਬੌਧਿਕ, ਆਰਥਿਕ, ਭਾਈਚਾਰਕ ਸਾਂਝ ਅਤੇ ਨੈਤਿਕ ਪੱਖੋਂ ਬਰਬਾਦ ਕਰ ਦਿੱਤਾ ਹੈ। ਅੱਜ ਪੰਜਾਬ ਸਿਰ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ!ਭ੍ਰਿਸ਼ਟਾਚਾਰ, ਮਾਫ਼ੀਆ ਰਾਜ, ਡਰੱਗ ਦਾ ਜਾਲ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ, ਕਿਉਂਕਿ ਬਾਦਲ ਪਰਿਵਾਰ ਨੇ ਕਰੀਬ 20 ਸਾਲ ਅਤੇ ਕਾਂਗਰਸ ਨੇ 25 ਸਾਲ ਰਾਜ ਕਰਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ,ਚੱਢਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸੂਬੇ ਦੀ ਵਾਂਗਡੋਰ ਭਗਵੰਤ ਮਾਨ ਨੂੰ ਦੇਣਾ ਚਾਹੁੰਦੇ ਹਨ,ਇਸ ਲਈ ‘ਆਪ’ ਨੇ ਅੱਜ ਕੇਵਲ ਆਪਣੇ ਮੁੱਖ ਮੰਤਰੀ ਉਮੀਦਵਾਰ ਦੇ ਹਲਕੇ ਦਾ ਐਲਾਨ ਨਹੀਂ ਕੀਤਾ, ਸਗੋਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਹਲਕੇ ਦਾ ਵੀ ਐਲਾਨ ਕੀਤਾ ਹੈ।