AMRITSAR SAHIB,(AZAD SOCH NEWS):- ਪੰਜਾਬ ਦੇ ਅੰਮ੍ਰਿਤਸਰ ਮੈਡੀਕਲ ਕਾਲਜ ਕੈਂਪਸ (Amritsar Medical College Campus of Punjab) ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) (GNDH) ਵਿੱਚ ਸ਼ਨੀਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ,ਐਕਸ-ਰੇ ਯੂਨਿਟ (X-Ray Unit) ਦੇ ਪਿਛਲੇ ਪਾਸੇ ਰੱਖੇ ਦੋ ਟਰਾਂਸਫਾਰਮਰਾਂ ‘ਚ ਧਮਾਕੇ ਤੋਂ ਬਾਅਦ ਤੇਜ਼ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ,ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ,ਹਸਪਤਾਲ ਦੇ ਵਾਰਡਾਂ ਵਿੱਚ ਦਾਖ਼ਲ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ’ਤੇ ਲਿਆਂਦਾ ਗਿਆ।
ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ,ਸ਼ਨੀਵਾਰ ਹੋਣ ਕਾਰਨ ਓਪੀਡੀ (OPD) ਵਿੱਚ ਕੋਈ ਮਰੀਜ਼ ਨਹੀਂ ਸੀ ਪਰ ਹਸਪਤਾਲ ਦੇ ਵਾਰਡਾਂ ਵਿੱਚ 650 ਦੇ ਕਰੀਬ ਮਰੀਜ਼ ਦਾਖ਼ਲ ਹਨ,ਓਪੀਡੀ ਦੇ ਪਿਛਲੇ ਪਾਸੇ ਅਤੇ ਐਕਸ-ਰੇ ਯੂਨਿਟ ਦੇ ਨੇੜੇ ਦੋ ਟਰਾਂਸਫਾਰਮਰ ਹਨ,ਉਹ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਕਰ ਰਹੇ ਹਨ,ਦੁਪਹਿਰ ਸਮੇਂ ਇਨ੍ਹਾਂ ਟਰਾਂਸਫਾਰਮਰਾਂ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ,ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਗਈਆਂ,ਟਰਾਂਸਫਾਰਮਰ ਦੇ ਬਿਲਕੁਲ ਉੱਪਰ ਹੀ ਸਕਿਨ ਵਾਰਡ ਹੈ,ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।
ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਪੂਰੇ ਹਸਪਤਾਲ ਵਿੱਚ ਧੂੰਆਂ ਫੈਲ ਗਿਆ,ਮਰੀਜ਼ਾਂ ਦਾ ਦਮ ਘੁੱਟਣ ਲੱਗਾ,ਇਸ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਸੜਕ ‘ਤੇ ਲਿਆਂਦਾ ਗਿਆ,ਭਗਦੜ ਕਾਰਨ ਕਈ ਮਰੀਜ਼ਾਂ ਨੂੰ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ,ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ,ਪਿਛਲੇ ਇਕ ਘੰਟੇ ਤੋਂ ਅੱਗ ‘ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ,ਟਰਾਂਸਫਾਰਮਰਾਂ ਵਿੱਚ ਤੇਲ ਹੋਣ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕੀਤਾ ਹੈ,ਉਨ੍ਹਾਂ ਨੇ ਲਿਖਿਆ ਹੈ,” ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਹਸਪਤਾਲ (Guru Nanak Hospital) ਵਿੱਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਖ਼ਬਰ ਮਿਲੀ,ਫਾਇਰ ਫਾਈਟਰਸ ਮੁਸਤੈਦੀ ਨਾਲ ਹਲਾਤਾਂ ‘ਤੇ ਕਾਬੂ ਪਾ ਰਹੇ ਹਨ,ਪਰਮਾਤਮਾ ਦੀ ਮਿਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ,ਮੰਤਰੀ ਹਰਭਜਨ ਸਿੰਘ ਘਟਨਾ ਦੀ ਜਗ੍ਹਾ ‘ਤੇ ਪਹੁੰਚ ਚੁੱਕੇ ਨੇ..ਮੈਂ ਲਗਾਤਾਰ ਰਾਹਤ ਕੰਮਾਂ ‘ਤੇ ਨਜ਼ਰ ਰੱਖ ਰਿਹਾ ਹਾਂ।
ਉਥੇ ਅੱਗ ਲੱਗਣ ਦੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਹਦਾਇਤ ਵੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ,ਦੱਸਣਯੋਗ ਹੈ ਕਿ ਅੱਗ ਨੇ ਭਾਵੇਂ ਗਰਮੀ ਕਾਰਨ ਬਹੁਤ ਛੇਤੀ ਇਮਾਰਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ,ਪਰ ਪ੍ਰਬੰਧਕੀ ਅਮਲੇ ਵੱਲੋਂ ਵਿਖਾਈ ਗਈ ਫੁਰਤੀ ਕਾਰਨ ਸਾਰੇ ਲੋਕਾਂ ਨੂੰ ਸੁਰੱਖਿਅਤ ਇਮਾਰਤ ਵਿਚੋਂ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਘਟਨਾ ਸਥਾਨ ਉਤੇ ਪੁੱਜੇ ਕੈਬਨਿਟ ਮੰਤਰੀ ਸ੍ਰੀ ਈ ਟੀ ਓ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ,ਉਨਾਂ ਕਿਹਾ ਕਿ ਭਾਵੇਂ ਮੋਟੇ ਤੌਰ ਉੱਤੇ ਇਹ ਅੱਗ ਬਿਜਲੀ ਦੇ ਪੁਰਾਣੇ ਟਰਾਂਸਫਾਰਮ ਤੋਂ ਲੀਕ ਹੋਏ ਤੇਲ ਨਾਲ ਲੱਗੀ ਪ੍ਰਤੀਤ ਹੁੰਦੀ ਹੈ,ਪਰ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ,ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੋਜ਼ਾਨਾ ਇਲਾਜ ਕਰਦਾ ਹੈ, ਉਥੇ ਇਸ ਮੈਡੀਕਲ ਕਾਲਜ ਵਿਚ ਸਾਡੇ ਭਵਿੱਖ ਦੇ ਡਾਕਟਰ ਪੜਾਈ ਕਰ ਰਹੇ ਹਨ।
ਸੋ ਕਿਸੇ ਵੀ ਹਾਲਤ ਵਿਚ ਹਸਪਤਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ,ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਣ ਤੋਂ ਬਾਅਦ ਹਸਪਤਾਲ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਕਰਨ ਦੀ ਹਦਾਇਤ ਵੀ ਕੀਤੀ,ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇਥੇ ‘ਕੰਪੈਕਸ ਸਬ ਸਟੇਸ਼ਨ’ ਲਗਾਇਆ ਜਾਵੇ।
ਹੋਰ ਵਧੇਰੇ ਖ਼ਬਰਾਂ ਅਤੇ Update ਲਈ Facebook Page Like ਅਤੇ Twitter Follow