ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਚਲਾਈ ਗਈ ਸਫ਼ਾਈ ਮੁਹਿੰਮ ਦਾ ਸਮਾਪਨ ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਹੋਇਆ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਿਸ. ਮਨੀਸ਼ਾ ਬੱਤਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਸ੍ਰੀ ਰਾਜ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਸ਼ਾਮਲ ਕਰਕੇ 11 ਨਵੰਬਰ ਤੋਂ 14 ਨਵੰਬਰ ਤੱਕ ਜ਼ਿਲਾ ਕਚਹਿਰੀ ਕੰਪਲੈਕਸ, ਨਗਰ ਕੌਂਸਲ ਦੇ ਸਫਾਈ ਸੇਵਕਾਂ, ਸੀਵਰ ਮੈਨ ਦਾ ਸਟਾਫ, ਸਿਵਲ ਹਸਪਤਾਲ ਦਾ ਸਟਾਫ, ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਫਾਈ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਆਮ ਲੋਕਾਂ ਵੱਲੋ ਪੂਰਨ ਸਹਿਯੋਗ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਪੂਰਬ ਦੀ ਆਮਦ ਨੂੰ ਵੇਖਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸਾਫ ਸੁਥਰਾ ਪਲਾਸਟਿਕ ਤੋਂ ਮੁਕਤ ਅਤੇ ਵਾਤਾਵਰਨ ਬਚਾਉ ਮੁਹਿੰਮ ਦੀ ਸ਼ੁਰੂਆਤ ਦੌਰਾਨ ਸ਼ਹਿਰਾਂ, ਪਿੰਡਾਂ ਅਤੇ ਸਬ ਡਿਵੀਜਨ ਲੈਵਲ ਤੇ ਵੱਖ-ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੇ ਟਿੱਪਰਾਂ ਨਾਲ ਸਾਫ ਸੁਥਰਾ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਗੱਡੀ ਨੂੰ ਹਰੀ ਝੰਡੀ ਦੇ ਕੇ ਵੱਖ ਵੱਖ ਥਾਵਾਂ ਲਈ ਰਵਾਨਾ ਕੀਤਾ ਗਿਆ। ਜਿਸ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਜੋ ਕਿ ਗੱਡੀ ਵਿੱਚ ਬੈਠ ਕੇ ਹਰੇਕ ਨਾਗਰਿਕ ਨੂੰ ਸਫਾਈ ਮੁਹਿੰਮ ਅਤੇ ਪਲਾਸਟਿਕ ਦੀ ਵਰਤੋ ਨਾ ਕਰਨ ਸਬੰਧੀ ਸਹੂੰ ਚੁਕਾਈ ਗਈ ਤੇ ਨਾਲ ਹਸਤਾਖ਼ਰ ਵੀ ਕਰਵਾਏ ਗਏ। ਇਸ ਮੁਹਿੰਮ ਵਿੱਚ ਸ਼ਹਿਰ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਉਹਨਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਸਫਾਈ ਮੁਹਿੰਮ ਆਪਣੇ ਘਰ ਤੋਂ ਸ਼ੁਰੂਆਤ ਕਰਨਗੇ ਅਤੇ ਗਿੱਲਾ ਸੁੱਕਾ ਕੂੜਾ ਵੱਖ ਵੱਖ ਡੱਬਿਆ ਵਿੱਚ ਪਾਉਣਗੇ।
ਇਸ ਵਾਤਾਵਰਨ ਬਚਾਉ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਬੀਤੇ ਦਿਨੀਂ ਸਮਾਪਤੀ ਸਮਾਰੋਹ ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵੱਲੋ ਕੀਤੀ ਗਈ। ਉਹਨਾਂ ਵੱਲੋ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਜਿਸ ਨਾਲ ਭਿਆਨਕ ਬਿਮਾਰੀਆ ਫੈਲਣ ਤੋਂ ਮੁਕਤੀ ਮਿਲ ਸਕਦੀ ਹੈ।
ਇਸ ਮੌਕੇ ਜੂਡੀਸ਼ੀਅਲ ਅਫਸਰ ਸ੍ਰੀ ਰਮਨ ਸ਼ਰਮਾ, ਵਧੀਕ ਜਿਲ੍ਹਾ ਅਤੇ ਸੈਸਨ ਜੱਜ, ਸ੍ਰੀਮਤੀ ਗਰੀਸ਼, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਗੁਰਪ੍ਰੀਤ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵੀ ਵਿਸ਼ੇਸ ਤੌਰ ਤੇ ਹਾਜਰ ਹੋਏ।
ਇਸ ਮੌਕੇ ਡਾ. ਜਗਦੀਪ ਸਿੰਘ ਚਾਵਲਾ, ਸਿਵਲ ਸਰਜਨ, ਸ੍ਰੀ ਹਰਮੀਤ ਸਿੰਘ ਬੇਦੀ ਚੀਫ ਕੋਆਰਡੀਨੇਟਰ ਲਿਟਰੇਸੀ ਕਲੱਬ, ਸ੍ਰੀ ਭੁਪਿੰਦਰ ਸਿੰਘ, ਪ੍ਰਧਾਨ ਜਿਲ੍ਹਾ ਬਾਰ ਐਸੋਸ਼ੀਏਸ਼ਨ, ਸਮੂਹ ਸਟਾਫ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਕੂਲ ਦਾ ਅਰਥ ਸੁਸਾਇਟੀ ਦੇ ਪ੍ਰਧਾਨ ਸ੍ਰੀ ਰਾਜੀਵ ਦਾਬੜਾ ਵੀ ਹਾਜਰ ਸਨ ।
ਸ੍ਰੀ ਬਲਦੇਵ ਸਿੰਘ, ਮੈਨੇਜਰ ਸ੍ਰੀ ਗੁਰੂਦੁਆਰਾ ਟੁੱਟੀ ਗੰਡੀ ਸਾਹਿਬ, ਵੱਲੋ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਮਿਤੀ 14.12.2024 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਧਿਰ ਨੇ ਆਪਣਾ ਕੇਸ ਦਾ ਨੈਸਨਲ ਲੋਕ ਅਦਾਲਤ ਵਿੱਚ ਨਿਪਟਾਰਾ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਅਦਾਲਤ ਵਿੱਚ ਆਪਣੀ ਦਰਖਾਸਤ ਦੇ ਕੇ ਆਪਣਾ ਕੇਸ ਨੈਸ਼ਨਲ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ ਫ੍ਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।