ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਡਰੋਨ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਤ ਕੀਤਾ ਜਾਵੇਗਾ: ਰੋਜ਼ਗਾਰ ਉੱਤਪਤੀ ਮੰਤਰੀ

*ਪੰਜਾਬ ਵੱਲੋਂ ਨੌਜਵਾਨਾਂ ਨੂੰ ਉੱਭਰਦੀਆਂ ਡਰੋਨ ਤਕਨੀਕਾਂ ਦੀ ਸਿਖਲਾਈ ਦੇਣ ਲਈ ਆਈ.ਆਈ.ਟੀ. ਰੋਪੜ ਨਾਲ ਸਮਝੌਤਾ ਸਹੀਬੱਧ
* ਇਸ ਸਮਝੌਤੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ: ਅਮਨ ਅਰੋੜਾ
* ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਡਰੋਨ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਤ ਕੀਤਾ ਜਾਵੇਗਾ: ਰੋਜ਼ਗਾਰ ਉੱਤਪਤੀ ਮੰਤਰੀ
Chandigarh,12 July,2024,(Azad Soch News):- ਸੂਬੇ ਦੇ ਨੌਜਵਾਨਾਂ ਨੂੰ ਏਰੀਅਲ ਸਿਨੇਮੈਟੋਗ੍ਰਾਫੀ, ਫੋਟੋਗ੍ਰਾਫੀ, ਮੈਪਿੰਗ, ਨਿਗਰਾਨੀ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਭਵਿੱਖੀ ਅਤੇ ਉੱਭਰ ਰਹੀਆਂ ਡਰੋਨ ਤਕਨੀਕਾਂ ਦੀ ਸਿਖਲਾਈ ਪ੍ਰਦਾਨ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਰੋਪੜ ਨਾਲ ਸਮਝੌਤਾ ਸਹੀਬੱਧ ਕੀਤਾ ਹੈ,ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਸੀ-ਪਾਈਟ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਸ੍ਰੀ ਰਾਮਬੀਰ ਮਾਨ ਅਤੇ ਆਈ.ਆਈ.ਟੀ., ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਵੱਲੋਂ ਇਸ ਸਮਝੌਤੇ ਉੱਤੇ ਦਸਤਖ਼ਤ ਕੀਤੇ। ਇਸ ਮੌਕੇ ਰੋਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਵੀ ਹਾਜ਼ਰ ਸਨ,ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਸਮਝੌਤਾ ਤੇਜ਼ੀ ਨਾਲ ਵਿਕਸਤ ਹੋ ਰਹੇ ਡਰੋਨ ਈਕੋਸਿਸਟਮ ਵਿੱਚ ਸਥਾਨਕ ਡਰੋਨ ਪਾਇਲਟਾਂ ਦੀ ਵੱਧ ਰਹੀ ਮੰਗ ਦੀ ਪੂਰਤੀ ਕਰਨ ਦੇ ਨਾਲ ਨਾਲ ਖੇਤੀਬਾੜੀ, ਮੈਪਿੰਗ, ਆਫ਼ਤ ਪ੍ਰਬੰਧਨ, ਜੰਗਲੀ ਜੀਵ ਰੱਖਿਆ ਅਤੇ ਸਿਹਤ ਸੰਭਾਲ ਵਰਗੇ ਵੱਖ-ਵੱਖ ਖੇਤਰਾਂ ਲਈ ਡਰੋਨ-ਆਧਾਰਿਤ ਸਿਖਲਾਈ, ਖੋਜ, ਵਿਕਾਸ ਅਤੇ ਨਿਰਮਾਣ ਨੂੰ ਮਜ਼ਬੂਤ ਕਰੇਗਾ,ਅਮਨ ਅਰੋੜਾ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਨਾਲ ਸੂਬੇ ਦੇ ਨੌਜਵਾਨਾਂ ਲਈ 29,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸੀ-ਪਾਈਟ ਅਤੇ ਆਈ.ਆਈ.ਟੀ. ਰੋਪੜ ਰਾਹੀਂ 150 ਦੇ ਕਰੀਬ ਨੌਜਵਾਨਾਂ ਨੂੰ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਜਾਵੇਗੀ,ਇਨ੍ਹਾਂ ਨੌਜਵਾਨਾਂ ਨੂੰ ਡੀ.ਜੀ.ਸੀ.ਏ. ਸਰਟੀਫਿਕੇਟ ਦਿੱਤੇ ਜਾਣਗੇ, ਜੋ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹਨ,ਕੈਬਨਿਟ ਮੰਤਰੀ ਨੇ ਦੱਸਿਆ ਕਿ ਆਈ.ਆਈ.ਟੀ. ਰੋਪੜ ਵੱਲੋਂ ਸੀ-ਪਾਈਟ ਨੂੰ ਉਸ ਦੇ ਇੱਕ ਕੈਂਪ ਵਿੱਚ ਇੱਕ ਡਰੋਨ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ, ਜਿੱਥੇ ਡਰੋਨ ਅਪਰੇਟਰਾਂ ਦੀ ਸਿਖਲਾਈ ਤੋਂ ਇਲਾਵਾ ਡਰੋਨ ਦੀ ਮੁਰੰਮਤ ਅਤੇ ਅਸੈਂਬਲਿੰਗ ਵੀ ਕੀਤੀ ਜਾਵੇਗੀ,ਰੋਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਨੇ ਕਿਹਾ ਕਿ ਸਫਲਤਾਪੂਰਵਕ ਸਿਖਲਾਈ ਮੁਕੰਮਲ ਕਰਨ ਵਾਲੇ ਨੌਜਵਾਨਾਂ ਨੂੰ ਉਚਿਤ ਰੋਜ਼ਗਾਰ ਲੱਭਣ ਵਿੱਚ ਵੀ ਸਹਿਯੋਗ ਦਿੱਤਾ ਜਾਵੇਗਾ। ਇਹ ਕਦਮ ਸਾਡੇ ਨੌਜਵਾਨਾਂ ਨੂੰ ਆਧੁਨਿਕ ਹੁਨਰ ਸਿਖਾ ਕੇ ਅਤੇ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
Related Posts
Latest News
22.jpg)