ਜ਼ਿਮਨੀ ਚੋਣਾਂ ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਪ੍ਰਤੀ ਜ਼ਬਰਦਸਤ ਫਤਵਾ: ਮੁੱਖ ਮੰਤਰੀ 

ਜ਼ਿਮਨੀ ਚੋਣਾਂ ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਪ੍ਰਤੀ ਜ਼ਬਰਦਸਤ ਫਤਵਾ: ਮੁੱਖ ਮੰਤਰੀ 

* ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣ ਦੀ ਬਜਾਏ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ 
* ਆਉਣ ਵਾਲੀਆਂ ਚੋਣਾਂ ਤੋਂ ਬਾਅਦ 'ਆਪ' ਦੀ ਦਿੱਲੀ 'ਚ ਸਰਕਾਰ ਬਣਨੀ ਤੈਅ
* ਪੰਜਾਬ ਭਵਨ ਦੇ ਏ ਬਲਾਕ ਵਿਖੇ ਆਮ ਲੋਕਾਂ ਲਈ ਖੁੱਲ੍ਹੇ ਡਾਇਨਿੰਗ ਹਾਲ ਦਾ ਉਦਘਾਟਨ 

ਨਵੀਂ ਦਿੱਲੀ, 24 ਨਵੰਬਰ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਨਤੀਜਾ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਦੇ ਹੱਕ ਵਿੱਚ ਲੋਕਾਂ ਦਾ ਜ਼ਬਰਦਸਤ ਫਤਵਾ ਹੈ। ਇੱਥੇ ਪੰਜਾਬ ਭਵਨ ਵਿਖੇ ਲੋਕਾਂ ਲਈ ਡਾਇਨਿੰਗ ਹਾਲ ਖੋਲ੍ਹਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਸੀਟਾਂ 'ਤੇ 'ਆਪ' ਦੀ ਜਿੱਤ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਹੋਰ ਨਿਮਰਤਾ ਅਤੇ ਸਮਰਪਣ ਭਾਵਨਾ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਹ ਤਿੰਨ ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਕਾਂਗਰਸ ਤੋਂ ਖੋਹ ਲਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਬਣਾਈਆਂ ਜਾ ਰਹੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ।

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਆਉਣ ਤੋਂ ਰੋਕਣ ਦੀ ਬਜਾਏ ਕੇਂਦਰ ਸਰਕਾਰ ਨੂੰ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਆਉਣ ਦਾ ਪੂਰਾ ਅਧਿਕਾਰ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਅਧਿਕਾਰ ਦੀ ਹਰ ਤਰ੍ਹਾਂ ਨਾਲ ਰਾਖੀ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਰੂਸ ਅਤੇ ਯੂਕਰੇਨ ਦਰਮਿਆਨ ਮਸਲਾ ਸੁਲਝਾਉਣ ਦਾ ਸਿਹਰਾ ਲੈਣਾ ਪਸੰਦ ਕਰਦੇ ਹਨ ਪਰ ਉਹ ਆਪਣੇ ਕਿਸਾਨਾਂ ਜਿਨ੍ਹਾਂ ਨੂੰ ਉਹ ਸਭ ਤੋਂ ਵੱਧ ਜਾਣਦੇ ਹਨ, ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਂਦੇ ਨਹੀਂ ਲਗਦੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਭਾਰਤ ਮਾਲਾ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਇਸ ਵਿੱਚ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਆਪਣੀਆਂ ਚਿੰਤਾਵਾਂ ਹਨ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਤਾਕਤ ਦੀ ਵਰਤੋਂ ਕਰ ਕੇ ਕਿਸਾਨਾਂ ਨੂੰ ਡਰਾ-ਧਮਕਾ ਰਹੀ ਹੈ, ਜੋ ਗੈਰ-ਵਾਜਬ ਹੈ।

ਇਕ ਹੋਰ ਸਵਾਲ 'ਤੇ ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ 'ਆਪ' ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਵਿਚ ਮੁੜ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ 'ਆਪ' ਨੇ ਪਹਿਲਾਂ ਹੀ ਕੌਮੀ ਰਾਜਧਾਨੀ 'ਚ ਕਾਂਗਰਸ ਅਤੇ ਭਾਜਪਾ ਦਾ ਸਫਾਇਆ ਕਰ ਦਿੱਤਾ ਹੈ ਅਤੇ ਹੁਣ ਇਤਿਹਾਸ ਰਚਿਆ ਜਾਵੇਗਾ, ਜਦੋਂ ਦਿੱਲੀ 'ਚ 'ਆਪ' ਦੀ ਮੁੜ ਸਰਕਾਰ ਬਣੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਧ 'ਤੇ ਲਿਖਿਆ ਹੈ ਕਿ ਆਉਣ ਵਾਲੀਆਂ ਚੋਣਾਂ 'ਚ 'ਆਪ' ਹੂੰਝਾ ਫੇਰ ਦੇਵੇਗੀ ਕਿਉਂਕਿ ਦਿੱਲੀ ਦੇ ਲੋਕ ਕੇਜਰੀਵਾਲ ਦੇ ਨਾਲ ਹਨ।

ਕੁਝ ਸਿਆਸੀ ਪਾਰਟੀਆਂ ਵੱਲੋਂ ਅਪਣਾਏ ਜਾ ਰਹੇ ਫੁੱਟ ਪਾਊ ਏਜੰਡੇ 'ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹਿੰਸਾ ਦੀਆਂ ਘਟਨਾਵਾਂ ਹੈਰਾਨ ਕਰਨ ਵਾਲੀਆਂ ਅਤੇ ਮੰਦਭਾਗੀਆਂ ਹਨ, ਉਨ੍ਹਾਂ ਕਿਹਾ ਕਿ ਇਹ ਕੁਝ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਨਫ਼ਰਤ ਦੀ ਰਾਜਨੀਤੀ ਦਾ ਨਤੀਜਾ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਵਨ ਦੇ ਏ ਬਲਾਕ ਵਿਖੇ ਨਵਾਂ ਡਾਇਨਿੰਗ ਹਾਲ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਇੱਥੇ ਭੋਜਨ ਦਾ ਆਨੰਦ ਲੈਣ ਦਾ ਮੌਕਾ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਪ੍ਰਾਹੁਣਚਾਰੀ ਅਤੇ ਜਾਇਕੇਦਾਰ ਪਕਵਾਨਾਂ ਲਈ ਜਾਣਿਆ ਜਾਂਦਾ ਹੈ ਜੋ ਹੁਣ ਰਾਜਧਾਨੀ ਦੇ ਲੋਕਾਂ ਨੂੰ ਉਪਲਬਧ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲਦੀ ਹੀ ਪੰਜਾਬ ਭਵਨ ਦੇ ਬੀ ਬਲਾਕ ਨੂੰ ਵੀ ਅੱਪਡੇਟ ਕਰ ਕੇ ਆਮ ਲੋਕਾਂ ਲਈ ਖਾਣਾ ਖਾਣ ਲਈ ਖੋਲ੍ਹ ਦਿੱਤਾ ਜਾਵੇਗਾ।

Advertisement

Latest News

ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਅਤੇ ਘਿਓ ਪਾ ਕੇ ਪੀਓ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਅਤੇ ਘਿਓ ਪਾ ਕੇ ਪੀਓ
ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ।...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ’ਚ ਵੀਰ ਬਾਲ ਦਿਵਸ ਪ੍ਰੋਗਰਾਮ ’ਚ ਹੋਣਗੇ ਸ਼ਾਮਲ
ਭਾਰਤ ਬਨਾਮ ਆਸਟ੍ਰੇਲੀਆ ਚੌਥੇ ਟੈਸਟ ਲਈ ਬਦਲਿਆ ਸਮਾਂ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 26-12-2024 ਅੰਗ 613
ਪ੍ਰਦੂਸ਼ਣ ਰੋਕਥਾਮ ਬੋਰਡ ਨੇ ਚਾਈਨਾ ਡੋਰ ਅਤੇ ‘ਸਿੰਗਲ ਯੂਜ਼ ਪਲਾਸਟਿਕ’ 'ਤੇ ਪਾਬੰਦੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ
ਰੈਪਿਡ ਐਕਸ਼ਨ ਪਲਟੂਨ 194 ਦੇ ਸਹਾਇਕ ਕਮਾਂਡੈਂਟ ਸ਼੍ਰੀ ਪ੍ਰਹਿਲਾਦ ਰਾਮ ਨੇ ਟੀਮਾਂ ਸਮੇਤ ਪੁਲਿਸ ਸਟੇਸ਼ਨ ਸੰਨੀ ਇਨਕਲੇਵ ਅਤੇ ਬਲੌਂਗੀ ਦਾ ਦੌਰਾ ਕੀਤਾ
ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024