ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਕਰੀਬ 60 ਹਜ਼ਾਰ ਮੀਟਰਕ ਟਨ ਕਣਕ ਦੀ ਹੋਈ ਵੱਧ ਆਮਦ – ਡਿਪਟੀ ਕਮਿਸ਼ਨਰ
.jpg)
ਮਾਨਸਾ, 23 ਅਪ੍ਰੈਲ :
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਆਮਦ ਵਿੱਚ 60 ਹਜ਼ਾਰ ਮੀਟਰਕ ਟਨ ਦਾ ਵਾਧਾ ਹੋਇਆ ਹੈ। ਮੰਡੀਆਂ ਵਿੱਚ ਜਿੱਥੇ ਕਿਸਾਨਾਂ ਨੂੰ ਸਮੇਂ ਸਿਰ ਲਿਫਟਿੰਗ ਕਰਕੇ ਅਦਾਇਗੀ ਕੀਤੀ ਜਾ ਰਹੀ ਹੈ, ਉਥੇ ਅਧਿਕਾਰੀਆਂ ਨੂੰ ਕੰਮ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੇ ਲਈ ਸਖ਼ਤ ਨਿਰਦੇਸ਼ ਵੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਪਿਛਲੇ ਸਾਲ ਮਿਤੀ 22 ਅਪ੍ਰੈਲ 2024 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ 2 ਲੱਖ 88 ਹਜ਼ਾਰ 645 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਉਥੇ 22 ਅਪ੍ਰੈਲ 2025 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਪਿਛਲੇ ਸਾਲ ਨਾਲੋਂ ਵੱਧਕੇ 3 ਲੱਖ 48 ਹਜ਼ਾਰ 082 ਮੀਟਰਕ ਟਨ ਕਣਕ ਮੰਡੀਆਂ ਵਿੱਚ ਪੁੱਜੀ ਹੈ, ਜੋ ਕਿ 60 ਹਜ਼ਾਰ ਮੀਟਰਕ ਟਨ ਵਾਧੂ ਹੈ। ਇਸ ਲਈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਆਮਦ ਜ਼ਿਆਦਾ ਹੋਣ ਕਰਕੇ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 3 ਲੱਖ 13 ਹਜ਼ਾਰ 798 ਮੀਟਰਕ ਟਨ ਕਣਕ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਵਿੱਚੋਂ 1 ਲੱਖ 54 ਹਜ਼ਾਰ 640 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਕਰੀਬ 646 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਖੁਦ ਖਰੀਦ ਪ੍ਰਬੰਧਾਂ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ। ਜੇਕਰ ਮੰਡੀਆਂ ਅੰਦਰ ਕਿਸੇ ਵੀ ਵਰਗ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸੇ ਸਮੇਂ ਰਾਬਤਾ ਕਰਕੇ ਸਮੱਸਿਆ ਦਾ ਸਮਾਧਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਅਤੇ ਟਰਾਂਸਪੋਰਟ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੱਧ ਤੋਂ ਵੱਧ ਟਰੱਕਾਂ ਨੂੰ ਪਹਿਲ ਦੇ ਅਧਾਰ ਤੇ ਮੰਡੀਆਂ ਵਿੱਚ ਕਣਕ ਨੂੰ ਲਿਜਾਣ ਵਾਸਤੇ ਲਗਾਇਆ ਗਿਆ ਹੈ, ਤਾਂ ਜੋ ਕਿਸੇ ਤਰ੍ਹਾਂ ਨਾਲ ਕੰਮ ਵਿੱਚ ਕੋਈ ਵਿਘਨ ਨਾ ਪਵੇ ਅਤੇ ਨਾਲੋਂ ਨਾਲ ਕਣਕ ਦੀ ਆਮਦ, ਖਰੀਦ ਅਤੇ ਲਿਫਟਿੰਗ ਕਰਵਾਈ ਜਾ ਸਕੇ।
Latest News
