ਗੋਲਡਨ ਐਰੋ ਡਿਵਿਜ਼ਨ ਵਲੋਂ ਸਕੂਲ ਆਫ਼ ਹੈਪੀਨੈੱਸ ਜੰਗ ਫਿਰੋਜਪੁਰ-1 ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਸਭਾ ਆਯੋਜਿਤ

ਫਿਰੋਜ਼ਪੁਰ, 5 ਮਾਰਚ : 2025 ( ਸੁਖਵਿੰਦਰ ਸਿੰਘ ):- ਓਪਰੇਸ਼ਨ ਜ਼ਿੰਦਗੀ ਤਹਿਤ, ਗੋਲਡਨ ਐਰੋ ਡਿਵਿਜ਼ਨ ਨੇ ਸਕੂਲ ਆਫ਼ ਹੈਪੀਨੈੱਸ (ਸਰਕਾਰੀ ਪ੍ਰਾਇਮਰੀ ਸਕੂਲ)ਜੰਗ ਬਲਾਕ ਫਿਰੋਜਪੁਰ-1 ਦੇ ਵਿਦਿਆਰਥੀਆਂ ਲਈ ਜਾਗਰੂਕਤਾ ਅਤੇ ਗੱਲਬਾਤ ਸ਼ਿਵਿਰ ਆਯੋਜਿਤ ਕੀਤਾ। ਇਹ ਇਵੈਂਟ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ, ਇਤਿਹਾਸਕ ਅਤੇ ਰਾਸ਼ਟਰੀ ਜਾਗਰੂਕਤਾ ਵਧਾਉਣ ਲਈ ਵੀ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਰਾਗੜ੍ਹੀ ਗੁਰਦੁਆਰਾ ਸਾਹਿਬ ਅਤੇ ਫ਼ਿਰੋਜ਼ਪੁਰ ਕਿਲ੍ਹੇ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਇਤਿਹਾਸਕ ਵਿਰਾਸਤ ਅਤੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਇਸ ਤੋਂ ਇਲਾਵਾ, ਗੋਲਡਨ ਐਰੋ ਡਿਵਿਜ਼ਨ ਦੇ ਅਗਨੀਵੀਰਾਂ ਵੱਲੋਂ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਇੱਕ ਨੁੱਕੜ ਨਾਟਕ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਏ.ਆਰ.ਓ. ਫ਼ਿਰੋਜ਼ਪੁਰ ਵੱਲੋਂ ਅਗਨੀਪਥ ਯੋਜਨਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਭਵਿੱਖ ਵਿੱਚ ਫੌਜੀ ਜੀਵਨ ਅਤੇ ਅਨੁਸ਼ਾਸਨਪੂਰਣ ਜੀਵਨਸ਼ੈਲੀ ਵੱਲ ਨੂੰ ਪ੍ਰੇਰਿਤ ਹੋਣ। ਇਹ ਮੁਹਿੰਮ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁਨਹਿਰੀ ਭਵਿੱਖ ਵਲੋਂ ਪ੍ਰੇਰਿਤ ਕਰਨ ਵਾਸਤੇ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।ਇਸ ਮੌਕੇ ਸਕੂਲ ਮੁੱਖੀ ਸ.ਕੁਲਦੀਪ ਸਿੰਘ ਅਤੇ ਸਕੂਲ ਸਟਾਫ ਲਖਵਿੰਦਰ ਸਿੰਘ , ਲਖਵੀਰ ਸਿੰਘ, ਅਮਨਦੀਪ ਕੌਰ, ਰਣਜੀਤ ਕੌਰ ਅਤੇ ਸਮਸ਼ੇਰ ਸੋਢੀ ਬਰਾਂਚ ਮੈਨੇਜਰ ਐਕਸਿਸ ਮੈਕਸ ਲਾਈਫ਼ ਫਿਰੋਜਪੁਰ ਨੇ ਗੋਲਡਨ ਐਰੋ ਡਿਵਿਜ਼ਨ ਫਿਰੋਜ਼ਪੁਰ ਦੇ ਨਿੱਘੇ ਸਵਾਗਤ ਅਤੇ ਜਾਗਰੂਕਤਾ ਸਭਾ ਲਈ ਧੰਨਵਾਦ ਕੀਤਾ।
Related Posts
Latest News
