ਚੀਨ ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ
New Delhi,04 DEC, 2024,(Azad Soch News):- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (Foreign Minister S. Jaishankar) ਨੇ ਮੰਗਲਵਾਰ ਨੂੰ ਲੋਕ ਸਭਾ ’ਚ ਕੁੱਝ ਹਫਤੇ ਪਹਿਲਾਂ ਚੀਨ ਨਾਲ ਹੋਏ ਤਣਾਅ ਘਟਾਉਣ ਦੇ ਸਮਝੌਤੇ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਕਿ ਸਰਕਾਰ ਦਾ ਰੁਖ ਸਪੱਸ਼ਟ ਹੈ ਕਿ ਬੀਜਿੰਗ (Beijing) ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ,ਹੇਠਲੇ ਸਦਨ ’ਚ ਭਾਰਤ-ਚੀਨ ਸਬੰਧਾਂ ਅਤੇ ਗਲਵਾਨ ਘਾਟੀ ਝੜਪ ਦੇ ਇਤਿਹਾਸਕ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧ 2020 ਤੋਂ ਅਸਧਾਰਨ ਰਹੇ ਹਨ ਜਦੋਂ ਚੀਨ ਦੀਆਂ ਕਾਰਵਾਈਆਂ ਕਾਰਨ ਸਰਹੱਦੀ ਖੇਤਰਾਂ ’ਚ ਸ਼ਾਂਤੀ ਭੰਗ ਹੋਈ ਸੀ।
ਭਾਰਤ ਅਤੇ ਚੀਨ ਇਸ ਸਾਲ ਅਕਤੂਬਰ ’ਚ ਪੂਰਬੀ ਲੱਦਾਖ (Eastern Ladakh) ’ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਗਸ਼ਤ ਬਾਰੇ ਇਕ ਸਮਝੌਤੇ ’ਤੇ ਸਹਿਮਤ ਹੋਏ ਸਨ। ਜੂਨ 2020 ’ਚ ਗਲਵਾਨ ਘਾਟੀ ’ਚ ਹੋਈ ਭਿਆਨਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤੇ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਇਹ ਝੜਪ ਦਹਾਕਿਆਂ ਵਿਚ ਦੋਹਾਂ ਧਿਰਾਂ ਵਿਚਾਲੇ ਸੱਭ ਤੋਂ ਭਿਆਨਕ ਫੌਜੀ ਝੜਪ ਸੀ।ਉਨ੍ਹਾਂ ਕਿਹਾ, ‘‘ਲਗਾਤਾਰ ਰਣਨੀਤਕ ਭਾਈਵਾਲੀ ਨੂੰ ਦਰਸਾਉਂਦੇ ਤਾਜ਼ਾ ਘਟਨਾਕ੍ਰਮ ਨੇ ਭਾਰਤ-ਚੀਨ ਸਬੰਧਾਂ ਨੂੰ ਕੁੱਝ ਸੁਧਾਰ ਵਲ ਵਧਾਇਆ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਸਰਹੱਦੀ ਮੁੱਦੇ ਦੇ ਹੱਲ ਲਈ ਨਿਰਪੱਖ ਅਤੇ ਆਪਸੀ ਤੌਰ ’ਤੇ ਸਵੀਕਾਰਯੋਗ ਢਾਂਚੇ ’ਤੇ ਪਹੁੰਚਣ ਲਈ ਚੀਨ ਨਾਲ ਕੰਮ ਕਰਨ ਲਈ ਵਚਨਬੱਧ ਹਾਂ,ਉਨ੍ਹਾਂ ਕਿਹਾ ਕਿ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਜੋ ਸ਼ਾਂਤੀ ਬਹਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਢਲੀ ਤਰਜੀਹ ਟਕਰਾਅ ਵਾਲੀਆਂ ਥਾਵਾਂ ਤੋਂ ਸੁਰੱਖਿਆ ਬਲਾਂ ਨੂੰ ਹਟਾਉਣਾ ਸੀ ਅਤੇ ਇਹ ਸਫਲ ਰਿਹਾ। ਉਨ੍ਹਾਂ ਕਿਹਾ, ‘‘ਅਸੀਂ ਸਪੱਸ਼ਟ ਤੌਰ ’ਤੇ ਮੰਨਦੇ ਹਾਂ ਕਿ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਸਮੁੱਚੇ ਸਬੰਧਾਂ ਦੇ ਵਿਕਾਸ ਦਾ ਆਧਾਰ ਹੋਵੇਗੀ।’’