#Dra ਭਾਸ਼ਾ ਵਿਭਾਗ ਵੱਲੋਂ ਡਾ. ਬੀ.ਆਰ.ਅੰਬੇਡਕਰ ਲਾਇਬ੍ਰੇਰੀ ਬੋਦਲ ਛਾਉਣੀ ਨੂੰ ਕਿਤਾਬਾਂ ਭੇਟ

ਹੁਸ਼ਿਆਰਪੁਰ, 25 ਅਪ੍ਰੈਲ :
ਪੰਜਾਬ ਸਰਕਾਰ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੇ ਦਿਸ਼ਾ ਨਿਰਦੇਸ਼ ਹੇਠ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਨਜ਼ਰੀਏ ਨੂੰ ਤਰਜੀਹ ਦਿੰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਪਿੰਡ ਬੋਦਲ ਛਾਉਣੀ, ਦਸੂਹਾ ਨੂੰ 80 ਕਿਤਾਬਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਡਾ. ਜਸਵੰਤ ਰਾਏ, ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਪਿੰਡ ਬੋਦਲ ਛਾਉਣੀ ਦੇ ਉਦਮੀ ਵਿਅਕਤੀਆਂ ਨੇ ਪਿੰਡ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਲਾਇਬ੍ਰੇਰੀ ਸਥਾਪਤ ਕਰਕੇ ਇੱਕ ਉਮਦਾ ਕਾਰਜ ਕੀਤਾ ਹੈ। ਲਾਇਬ੍ਰੇਰੀਆਂ ਗਿਆਨ ਦਾ ਖ਼ਜ਼ਾਨਾ ਹੁੰਦੀਆਂ ਹਨ। ਇਨ੍ਹਾਂ ਵਿਚ ਮੌਜੂਦ ਕਿਤਾਬਾਂ ਸਾਡੇ ਦਿਮਾਗ਼ ਦੇ ਕਿਵਾੜ ਖੋਲ੍ਹਦੀਆਂ ਹਨ। ਪੁਸਤਕਾਂ ਨੂੰ ਪੜ੍ਹਨ ਅਤੇ ਪਿਆਰ ਕਰਨ ਵਾਲਾ ਵਿਅਕਤੀ ਸੰਵੇਦਨਸ਼ੀਲ ਹੁੰਦਾ ਹੈ।ਉਹ ਹਮੇਸ਼ਾ ਸਮਾਜ ਅਤੇ ਦੇਸ਼ ਦੇ ਹਿੱਤ ਵਿਚ ਨਿਭਦਾ ਹੈ। ਅੱਜ ਕੱਲ੍ਹ ਦੇ ਇਲੈਕਟ੍ਰੋਨਿਕ ਯੁਗ ਵਿਚ ਤਾਂ ਕਿਤਾਬਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।ਵਿਦਿਆਰਥੀਆਂ ਨੂੰ ਆਪਣੇ ਸਕੂਲੀ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਇਲਾਵਾ ਵੱਧ ਤੋਂ ਵੱਧ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਜਿਹੜਾ ਵਿਦਿਆਰਥੀ ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੇਗਾ ਉਸਦੇ ਦਿਮਾਗ਼ ਦੀ ਧਾਰ ਓਨੀ ਹੀ ਜ਼ਿਆਦਾ ਤਿਖੀ ਹੋਵੇਗੀ। ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਤੋਂ ਇਲਾਵਾ ਆਪਣੀ ਨਿਜੀ ਲਾਇਬ੍ਰੇਰੀ ਵਿੱਚੋਂ ਵੀ ਨਾਵਲ, ਕਵਿਤਾ, ਕਹਾਣੀਆਂ, ਲੇਖ, ਆਲੋਚਨਾ ਅਤੇ ਮਾਹਨ ਸ਼ਖ਼ਸੀਅਤਾਂ ਦੀਆਂ ਕਿਤਾਬਾਂ ਵੀ ਇਸ ਲਾਇਬ੍ਰੇਰੀ ਨੂੰ ਭੇਟ ਕੀਤੀਆਂ। ਬੋਦਲ ਪਿੰਡ ਤੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਕਿਤਾਬਾਂ ਪ੍ਰਾਪਤ ਕਰਨ ਆਏ ਲੈਕਚਰਾਰ ਕੁਲਵਿੰਦਰ ਸਿੰਘ ਬੋਦਲ, ਮੈਡਮ ਸੀਤਾ ਰਾਣੀ ਅਤੇ ਹਰਕੀਰਤ ਸਿੰਘ ਨੇ ਇਨ੍ਹਾਂ ਕਿਤਾਬਾਂ ਬਦਲੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ। ਇਸ ਸਮੇਂ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਕੁਲਤਾਰ ਸਿੰਘ ਕੁਲਤਾਰ, ਭਾਸ਼ਾ ਵਿਭਾਗ ਤੋਂ ਲਵਪ੍ਰੀਤ, ਲਾਲ ਸਿੰਘ ਅਤੇ ਪੁਸ਼ਪਾ ਰਾਣੀ ਵੀ ਹਾਜ਼ਰ ਸਨ।
Related Posts
Latest News
