ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-01-2025 ਅੰਗ 711
ਟੋਡੀ ਮਹਲਾ ੫
॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ॥੧॥ (ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਹੇ ਨਾਨਕ ਜੀ! (ਆਖੋ-) ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ॥੨॥੨॥