ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਖੇਤਰੀ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ
By Azad Soch
On
ਚੰਡੀਗੜ੍ਹ, 4 ਜਨਵਰੀ :
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਬਠਿੰਡਾ ਨਾਲ ਗੰਨਮੈਨ ਵਜੋਂ ਤਾਇਨਾਤ ਸਿਪਾਹੀ ਸੁਖਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮੱਦਦ ਨਾਲ ਟਰਾਂਸਪੋਰਟਰਾਂ ਤੋਂ ਕਰੀਬ 20-25 ਲੱਖ ਰੁਪਏ ਦੀ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। । ਮੁਹਾਲੀ ਅਦਾਲਤ ਨੇ ਉਸ ਨੂੰ ਹੋਰ ਪੁੱਛਗਿੱਛ ਲਈ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਇੱਕ ਟਰਾਂਸਪੋਰਟਰ ਧਰਮ ਸਿੰਘ ਵੱਲੋਂ ਕੀਤੀ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) ਵੱਲੋਂ ਉਸਦੇ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੀਤੇ ਜਾ ਰਹੇ ਸਨ ਅਤੇ ਸਿਪਾਹੀ ਸੁਖਪ੍ਰੀਤ ਸਿੰਘ ਅਤੇ ਕਸਬਾ ਮੌੜ ਜ਼ਿਲ੍ਹਾ ਬਠਿੰਡਾ ਦਾ ਵਾਸੀ ਜੱਗੀ ਸਿੰਘ ਉਸ ਤੋਂ ਅੰਕਿਤ ਕੁਮਾਰ, ਸਹਾਇਕ ਟਰਾਂਸਪੋਰਟ ਅਫਸਰ (ਏ. ਟੀ. ਓ.) ਬਠਿੰਡਾ ਅਤੇ ਹੋਰਾਂ ਦੇ ਨਾਂ ’ਤੇ ਉਸ (ਸ਼ਿਕਾਇਤਕਰਤਾ) ਦੇ ਢੋਆ-ਢੁਆਈ ਵਾਲੇ ਟਰੱਕ/ਟਿੱਪਰਾਂ ਨੂੰ ਜੁਰਮਾਨੇ ਤੋਂ ਬਚਾਉਣ ਬਦਲੇ ਪ੍ਰਤੀ ਟਰੱਕ 1800 ਰੁਪਏ ਪ੍ਰਤੀ ਮਹੀਨਾ ‘‘ਸੁਰੱਖਿਆ ਰਾਸ਼ੀ’’ ਦੀ ਮੰਗ ਕਰ ਰਹੇ ਹਨ। ਉਕਤ ਏ.ਟੀ.ਓ. ਨੇ ਸ਼ਿਕਾਇਤਕਰਤਾ ਦੇ ਖੜੇ ਹੋਏ ਟਰੱਕਾਂ ਦੇ ਚਲਾਨ ਕੀਤੇ ਸਨ ਅਤੇ ਦਬਾਅ ਹੇਠ ਉਸਨੇ ਉਕਤ ਏ.ਟੀ.ਓ. ਦੇ ਗੰਨਮੈਨ ਗੁਰਾਂਜੀਤ ਸਿੰਘ ਦੁਆਰਾ ਦਿੱਤੇ ਮੋਬਾਈਲ ਫ਼ੋਨ ਨੰਬਰ ’ਤੇ ਗੂਗਲ ਪੇਅ ਰਾਹੀਂ 15000 ਰੁਪਏ ਅਦਾ ਕੀਤੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ।
ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ਾਂ ਦੇ ਸਹੀ ਹੋਣ ਤਸਦੀਕ ਕੀਤੀ ਗਈ ਕਿਉਂਕਿ ਦੋਸ਼ੀ ਮੁਲਾਜ਼ਮ ਸ਼ਿਕਾਇਤਕਰਤਾ ਦੇ ਟਰਾਂਸਪੋਰਟ ਵਾਹਨਾਂ ਨੂੰ ਬਿਨਾਂ ਰੋਕ-ਟੋਕ ਦੇ ਚੱਲਣ ਦੇਣ ਬਦਲੇ ਰਿਸ਼ਵਤ ਦੀ ਮੰਗ ਕਰਦਾ ਪਾਇਆ ਗਿਆ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਆਡੀਓ ਸਬੂਤਾਂ ਦੇ ਆਧਾਰ ’ਤੇ ਸਿਪਾਹੀ ਸੁਖਪ੍ਰੀਤ ਸਿੰਘ ਅਤੇ ਜੱਗੀ ਸਿੰਘ ਦੇ ਖਿਲਾਫ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਫਲਾਇੰਗ ਸਕੁਐਡ ਦੀ ਟੀਮ ਵੱਲੋਂ ਪੁੱਛਗਿੱਛ ’ਤੇ ਸਿਪਾਹੀ ਸੁਖਪ੍ਰੀਤ ਸਿੰਘ ਨੇ ਟਰਾਂਸਪੋਰਟਰਾਂ ਤੋਂ ਰਿਸ਼ਵਤ ਮੰਗਣ ਅਤੇ ਲੈਣ ਦੀ ਗੱਲ ਕਬੂਲ ਲਈ ਹੈ। ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਇੰਨਾਂ ਵਿਅਕਤੀਆਂ ਅਤੇ ਸਾਥੀਆਂ ਦੁਆਰਾ ਟਰਾਂਸਪੋਰਟਰਾਂ ਤੋਂ ਲਗਭਗ 20-25 ਲੱਖ ਰੁਪਏ ਮਹੀਨਾਵਾਰ ਵਸੂਲੇ ਜਾ ਰਹੇ ਸਨ।
ਪੁੱਛਗਿੱਛ ਦੌਰਾਨ ਸਿਪਾਹੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਰਿਸ਼ਵਤ ਲੈਣ ਲਈ ਜੱਗੀ ਸਿੰਘ ਅਤੇ ਕੁਝ ਛੋਟੇ ਟਰਾਂਸਪੋਰਟਰਾਂ ਸਮੇਤ ਆਮ ਵਿਅਕਤੀਆਂ ਦੀ ਮਦਦ ਲਈ ਜਾਂਦੀ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਏ.ਟੀ.ਓ. ਅੰਕਿਤ ਕੁਮਾਰ ਦਾ ਇੱਕ ਹੋਰ ਗੰਨਮੈਨ ਸਿਪਾਹੀ ਗੁਰਾਂਜੀਤ ਸਿੰਘ ਟਰਾਂਸਪੋਰਟਰਾਂ ਤੋਂ 8-10 ਲੱਖ ਰੁਪਏ ਮਹੀਨਾ ਵਸੂਲਦਾ ਸੀ, ਜਦਕਿ ਬਾਕੀ ਟਰਾਂਸਪੋਰਟਰਾਂ ਤੋਂ ਉਹ ਖੁਦ 7-8 ਲੱਖ ਰੁਪਏ ਵਸੂਲਦਾ।
ਬੁਲਾਰੇ ਨੇ ਅੱਗੇ ਕਿਹਾ ਕਿ ਏ.ਟੀ.ਓ. ਬਠਿੰਡਾ, ਉਸਦੇ ਗੰਨਮੈਨ ਗੁਰਾਂਜੀਤ ਸਿੰਘ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਜਾਂਚ ਅਧੀਨ ਹੈ ਅਤੇ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਤਫਤੀਸ਼ ਹੋਣ ਲਈ ਬੁਲਾਇਆ ਗਿਆ ਹੈ ਤਾਂ ਜੋ ਉਹਨਾਂ ਨੂੰ ਸੁਖਪ੍ਰੀਤ ਸਿੰਘ ਵੱਲੋਂ ਕੀਤੇ ਗਏ ਇਕਬਾਲੀਆ ਬਿਆਨ ਸਮੇਤ ਹੋਰ ਸਬੂਤਾਂ ਦੇ ਅਧਾਰ ’ਤੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕੇ। ਬੁਲਾਰੇ ਨੇ ਕਿਹਾ ਕਿ ਇਸ ਜਾਂਚ ਦੇ ਅੱਗੇ ਵਧਣ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Tags:
Related Posts
Latest News
POCO X7 ਸੀਰੀਜ਼ ਨੂੰ ਇਸ ਦਿਨ ਲਾਂਚ ਕੀਤਾ ਜਾਵੇਗਾ
06 Jan 2025 21:03:50
New Delhi,06 JAN,2024,(Azad Soch News):- Poco ਭਾਰਤ 'ਚ 9 ਜਨਵਰੀ ਨੂੰ ਆਪਣੀ ਨਵੀਂ X7 ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ,ਕੰਪਨੀ...