21ਵੀਂ ਪਸ਼ੂਧਨ ਗਣਨਾ ਤਹਿਤ ਜ਼ਿਲ੍ਹੇ ਦੇ ਸ਼ਹਿਰੀ ਇਲਾਕੇ ਦੇ ਵਾਰਡਾਂ ‘ਚ ਪਸ਼ੂਧਨ ਦੀ ਗਿਣਤੀ ਲਈ 21 ਗਿਣਤੀਕਾਰ ਨਿਯੁਕਤ
ਜਲੰਧਰ, 3 ਜਨਵਰੀ : ਸੂਬੇ ਵਿੱਚ ਚੱਲ ਰਹੀ 21ਵੀਂ ਪਸ਼ੂਧਨ ਗਣਨਾ ਤਹਿਤ ਜ਼ਿਲ੍ਹੇ ਦੇ ਸ਼ਹਿਰੀ ਇਲਾਕੇ ਦੇ ਵਾਰਡਾਂ ਵਿੱਚ ਪਸ਼ੂਧਨ ਦੀ ਗਿਣਤੀ ਲਈ ਨਿਯੁਕਤ ਗਿਣਤੀਕਾਰਾਂ ਨੂੰ ਅੱਜ ਗਿਣਤੀ ਸਬੰਧੀ ਟ੍ਰੇਨਿੰਗ ਦੇਣ ਤੋਂ ਇਲਾਵਾ ਵਾਰਡ ਵੀ ਅਲਾਟ ਕੀਤੇ ਗਏ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰੂਨ ਰਤਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਇਲਾਕੇ ਦੇ ਵਾਰਡਾਂ ਵਿੱਚ ਪਸ਼ੂਧਨ ਦੀ ਗਿਣਤੀ ਲਈ ਨੈਸ਼ਨਲ ਰੂਰਲ ਲਾਈਵਸਟਾਕ ਮਿਸ਼ਨ ਦੇ ਅਧਿਕਾਰੀਆਂ ਵੱਲੋਂ 21 ਪਸ਼ੂ ਸਖੀਆਂ (ਗਿਣਤੀਕਾਰਾਂ) ਦੀ ਡਿਊਟੀ ਉਨ੍ਹਾਂ ਅਧੀਨ ਪਸ਼ੂਧਨ ਗਣਨਾ ਸਬੰਧੀ ਲਗਾਈ ਗਈ ਹੈ।
ਇਨ੍ਹਾਂ ਗਿਣਤੀਕਾਰਾਂ ਨੂੰ ਅੱਜ ਪਸ਼ੂਧਨ ਗਣਨਾ ਸਬੰਧੀ ਟ੍ਰੇਨਿੰਗ ਕਰਵਾਈ ਗਈ, ਜਿਸ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਡਾ. ਕਰਨਦੀਪ ਸਿੰਘ ਸੰਘਾ ਵੱਲੋਂ ਗਿਣਤੀ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਪਸ਼ੂਧਨ ਗਣਨਾ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਜਲੰਧਰ ਸ਼ਹਿਰ ਦੇ ਵਾਰਡ ਇਨ੍ਹਾਂ ਪਸ਼ੂ ਸਖੀਆਂ ਨੂੰ ਅਲਾਟ ਕਰ ਦਿੱਤੇ ਗਏ ਹਨ। ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਅਨਿਲ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਗਿਣਤੀਕਾਰਾਂ ਨੂੰ ਪੂਰਾ
ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਵਿੱਚ 21ਵੀਂ ਪਸ਼ੂਧਨ ਗਣਨਾ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।