ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਲਿੰਗ ਅਨੁਪਾਤ 'ਚ ਹੋਰ ਸੁਧਾਰ ਲਿਆਉਣ ਲਈ ਲਾਮਬੰਦ ਹੋਣ ਦਾ ਸੱਦਾ
ਪਟਿਆਲਾ, 13 ਜਨਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਲਿੰਗ ਅਨੁਪਾਤ 'ਚ ਹੋਰ ਸੁਧਾਰ ਲਿਆਉਣ ਲਈ ਲਾਮਬੰਦ ਹੋਣ।
ਡਾ. ਬਲਬੀਰ ਸਿੰਘ, ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਲਈ ਪਟਿਆਲਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਪਟਿਆਲਾ ਸ਼ਹਿਰ ਤੇ ਨੇੜਲੇ ਇਲਾਕਿਆਂ 'ਚੋਂ ਪੁੱਜੀਆਂ ਮਾਵਾਂ ਤੇ ਧੀਆਂ ਦਾ ਪੰਜਾਬ ਸਰਕਾਰ ਦੀ ਤਰਫੋਂ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਸ਼ਾ ਵਰਕਰਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਸਕੱਤਰ -ਕਮ- ਐਮ.ਡੀ.ਐਨ.ਐਚ.ਐਮ ਘਣਸ਼ਿਆਮ ਥੋਰੀ, ਪਟਿਆਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਪੰਜਾਬ ਡਾ. ਜਸਮਿੰਦਰ, ਡਾਇਰੈਕਟਰ ਐਨ.ਐਚ.ਐਮ ਡਾ. ਬਲਵਿੰਦਰ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਹਰਪ੍ਰੀਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੁੜੀਆਂ ਹਰੇਕ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਰਹੀ ਗਿਣਤੀ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਲਿੰਗ ਅਨੁਪਾਤ ਮੁਤਾਬਕ ਲੜਕੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਉ ਲਿਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੰਡਿਆਂ ਤੇ ਲੜਕੀਆਂ ਦੀ ਬਰਾਬਰੀ ਦਾ ਸੁਨੇਹਾ ਦੇਣ ਲਈ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਤਾਂ ਕਿ ਲੋਕ, ਮੁੰਡੇ ਕੁੜੀ ਦਰਮਿਆਨ ਕੋਈ ਫਰਕ ਤੇ ਵਿਤਕਰਾ ਨਾ ਕਰਨ ਅਤੇ ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ 'ਚ ਆਮ ਘਰਾਂ ਅੰਦਰ ਅਜੇ ਵੀ ਕਿਤੇ ਨਾ ਕਿਤੇ ਨਾਬਰਾਬਰੀ ਹੈ ਪਰੰਤੂ ਇਹ ਸਾਬਤ ਹੋ ਗਿਆ ਹੈ ਕਿ ਧੀਆਂ ਨੂੰ ਜਿੱਥੇ ਕਿਤੇ ਵੀ ਮੌਕੇ ਦਿੱਤੇ ਗਏ, ਇਨ੍ਹਾਂ ਨੇ ਮੱਲਾਂ ਮਾਰਕੇ ਆਪਣੇ ਆਪ ਨੂੰ ਸਾਬਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪੰਜਾਬ ਨੂੰ ਸਿਹਤ ਦੇ ਮਾਮਲੇ 'ਚ ਮੋਹਰੀ ਸੂਬਾ ਬਣਾਇਆ ਹੈ ਤੇ ਸਾਡਾ ਰਾਜ ਮੁੜ ਤੋਂ 'ਰੰਗਲਾ ਪੰਜਾਬ' ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੁਧਾਰਾਂ ਲਈ ਜਿਥੇ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਗਈ ਹੈ, ਉਥੇ ਹੀ ਆਸ਼ਾ ਵਰਕਰਾਂ ਨੂੰ ਵੀ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਤਹਿਤ ਜਿਹੜੀਆਂ ਆਸ਼ਾ ਵਰਕਰਾਂ ਅੱਗੇ ਪੜਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਪੜਾਈ ਦੇ ਹਿਸਾਬ ਨਾਲ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਆਸ਼ਾ ਵਰਕਰਾਂ ਆਪਣੇ ਅਧੀਨ ਪੈਂਦੇ ਖੇਤਰਾਂ ਨੂੰ ਡੇਂਗੂ ਮੁਕਤ ਕਰਨ ਸਮੇਤ ਬੀ.ਪੀ., ਸ਼ੂਗਰ ਦੇ ਮਰੀਜ਼ਾਂ ਦੀ ਪਛਾਣ ਕਰਕੇ ਇਲਾਜ ਲਈ ਲੈਕੇ ਆਉਣਗੀਆਂ, ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਕੋਟੀਆ ਦੇ ਕੇ ਸਨਮਾਨਤ ਕੀਤਾ ਗਿਆ।
ਸਮਾਰੋਹ ਮੌਕੇ ਵਿਸ਼ੇਸ਼ ਸਕੱਤਰ -ਕਮ- ਐਮ.ਡੀ.ਐਨ.ਐਚ.ਐਮ ਘਣਸ਼ਿਆਮ ਥੋਰੀ, ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਪੰਜਾਬ ਡਾ. ਜਸਮਿੰਦਰ ਤੇ ਕਾਰਜਕਾਰੀ ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗੋਇਲ, ਡਾ. ਲਵਕੇਸ਼ ਕੁਮਾਰ, ਡਾ. ਮੋਨਿਕਾ, ਡਾ. ਸੰਜੀਵ ਅਰੋੜਾ, ਡਾ. ਸੁਮਿਤ ਸਿੰਘ, ਡਾ. ਕੁਸ਼ਲਦੀਪ ਗਿੱਲ, ਜਸਬੀਰ ਸਿੰਘ ਗਾਂਧੀ, ਦਵਿੰਦਰ ਕੌਰ, ਨੇਹਾ ਕੁਕਰੇਜਾ, ਮੋਹਿਤ ਕੁਮਾਰ, ਗੁਰਕ੍ਰਿਪਾਲ ਸਿੰਘ ਕਸਿਆਣਾ, ਗੱਜਣ ਸਿੰਘ, ਜੋਤੀ ਮਰਵਾਹਾ, ਮਨਦੀਪ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਕੌਰ, ਲਾਲ ਸਿੰਘ, ਗਿਆਨ ਚੰਦ, ਰੁਪਾਲੀ ਗਰਗ, ਵੇਦ ਕਪੂਰ, ਸ਼ੰਕਰ ਲਾਲ ਖੁਰਾਣਾ, ਜਤਿੰਦਰ ਕੌਰ, ਸਿਵਰਾਜ ਸਿੰਘ ਵਿਰਕ, ਨਿਰਮਲਾ ਦੇਵੀ, ਕੁਲਬੀਰ ਕੌਰ, ਮਾਸ ਮੀਡੀਆ ਅਫਸਰ ਭਾਗ ਸਿੰਘ ਨੇ ਮੰਚ ਸੰਚਾਲਣ ਕੀਤਾ। ਇਸ ਮੌਕੇ ਸਰਕਾਰੀ ਮਾਤਾ ਕੌਸ਼ੱਲਿਆ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਸਿਹਤ ਸਕੀਮਾਂ 'ਤੇ ਬੋਲੀਆਂ ਅਤੇ ਗਿੱਧਾ ਪੇਸ਼ ਕੀਤਾ।