ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਦਿੱਤਾ ਸਖ਼ਤ ਸੰਦੇਸ਼

ਮੈਡੀਕਲ ਨਸ਼ਾ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਡਾ. ਰਾਜਵਿੰਦਰ ਕੌਰ ਸਿਵਲ ਸਰਜਨ
ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਦਿੱਤਾ ਸਖ਼ਤ ਸੰਦੇਸ਼
ਫ਼ਿਰੋਜ਼ਪੁਰ, 3 ਮਾਰਚ 2025: ( ਸੁਖਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਜੰਗ ‘ਯੁੱਧ ਨਸ਼ਿਆ ਵਿਰੁਧ’ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਵੱਲੋਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਵਲੋ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਮੈਡੀਕਲ ਨਸ਼ਾ ਜ਼ਿਲ੍ਹੇ ਵਿੱਚੋਂ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਲਈ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ੇ ਖਿਲਾਫ਼ ਆਰ ਪਾਰ ਦੀ ਜੰਗ ਵਿੱਢੀ ਗਈ ਹੈ ਅਤੇ ਸਰਕਾਰ ਦਾ ਮੁੱਖ ਟੀਚਾ ਸੂਬੇ ਵਿੱਚੋ ਹਰ ਤਰ੍ਹਾਂ ਦੇ ਨਸ਼ੇ ਦਾ ਮੁਕਮੰਲ ਖ਼ਾਤਮਾ ਕਰਨਾ ਹੈ। ਉਨ੍ਹਾਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆ ਨੂੰ ਕਿਹਾ ਕਿ ਹਰੇਕ ਮੈਡੀਕਲ ਸਟੋਰ ਇਹ ਗੱਲ ਸੁਨਿਸ਼ਿਚਿਤ ਕਰੇ ਕਿ ਕਿਸੇ ਵੀ ਸਟੋਰ 'ਤੇ ਨਸ਼ੇ ਦੀ ਵਿਕਰੀ 'ਤੇ ਰੱਖ ਰਖਾਵ ਨਾ ਹੋਵੇ। ਜੇਕਰ ਕੋਈ ਵੀ ਦੁਕਾਨਦਾਰ ਮੈਡੀਕਲ ਨਸ਼ਾ ਵੇਚਣ ਤਹਿਤ, ਵਿਭਾਗ ਦੀ ਟੀਮ ਵੱਲੋਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ ਤੇ ਦੁਕਾਨਦਾਰ ਖਿਲਾਫ ਡਰੱਗ ਐਕਟ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਜਿੱਥੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਬੀਤੇ ਦਿਨੀਂ ਵੀ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾਂ ਦੇ ਦੌਰੇ ਕਰਕੇ ਮਰੀਜਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ। ਇਸ ਦੌਰਾਨ ਕੇਂਦਰ ਵਿੱਚ ਤਾਇਨਾਤ ਡਾਕਟਰਾਂ ਤੇ ਸਟਾਫ ਨੂੰ ਮਰੀਜਾਂ ਨਾਲ ਹਮਦਰਦੀ ਭਰਿਆ ਵਤੀਰਾ ਅਪਣਾ ਸਿਹਤਯਾਬ ਕਰਕੇ ਘਰ ਵਾਪਿਸ ਭੇਜਣ ਦੀਆਂ ਹਦਾਇਤਾਂ ਦਿਤੀਆ ਗਈਆਂ ਹਨ।
ਨਸ਼ੇ ਦੀ ਮਾੜੀ ਅਲਾਮਤ ਦੀ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਨਸ਼ਾ ਇੱਕ ਲੰਬਾ ਸਮਾਂ ਚੱਲਣ ਵਾਲੀ ਅਤੇ ਵਾਰ-ਵਾਰ ਹੋਣ ਵਾਲੀ ਬੀਮਾਰੀ ਹੈ ਜੋ ਸਾਡੇ ਦਿਮਾਗ, ਸਰੀਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਇਸਦੇ ਇਲਾਜ ਲਈ ਵੀ ਮਰੀਜ ਨੂੰ ਲੰਬਾ ਸਮਾਂ ਇਲਾਜ ਕਰਾਉਣਾ ਪੈਂਦਾ ਹੈ, ਜੋ ਕਿ ਖੁਦ ਮਰੀਜ਼, ਉਸਦੇ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਨਸ਼ਾ ਮੁਕਤ ਪੰਜਾਬ ਵੱਲ ਵੱਧਦੇ ਕਦਮਾਂ ਤਹਿਤ ਜਿਲ੍ਹੇ ਵਿੱਚ ਇਸ ਸਮੇਂ ਸਿਹਤ ਵਿਭਾਗ ਅਧੀਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਨਸ਼ਾ ਮੁਕਤੀ ਕੇਂਦਰ ਚੱਲ ਰਿਹਾ ਹੈ, ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਠੀਕ ਹੋਣ ਦੀ ਸਥਿੱਤੀ ਨੂੰ ਵੇਖਦੇ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਮੁਫਤ ਰਹਿਣ ਅਤੇ ਖਾਣੇ ਦੀ ਸਹੂਲਤ ਦੇ ਨਾਲ ਨਾਲ ਵਿਅਕਤੀਗਤ ਕਾਊਂਸਲਿੰਗ, ਪਰਿਵਾਰਕ ਕਾਊਂਸਲਿੰਗ ਤੇ ਗਰੁੱਪ ਕਾਊਂਸਲਿੰਗ ਵੀ ਮੁਹੱਈਆ ਕੀਤੀ ਜਾਂਦੀ ਹੈ ਅਤੇ ਯੋਗ ਤੇ ਅਧਿਆਤਮਿਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਹਰ ਵਿਅਕਤੀ ਆਪਣਾ ਸਹਿਯੋਗ ਦੇਵੇ ਤਾਂ ਜੋ ਮੁੱਖ ਮੰਤਰੀ ਵੱਲੋਂ ਰੰਗਲਾ ਪੰਜਾਬ ਬਨਾਉਣ ਦੇ ਸੁਫ਼ਨੇ ਨੂੰ ਸਾਕਾਰ ਕੀਤਾ ਜਾ ਸਕੇ।
ਮੀਟਿੰਗ ਵਿੱਚ ਸੋਨੀਆ ਗੁਪਤਾ ਡਰੱਗ ਕੰਟਰੋਲ ਅਫ਼ਸਰ, ਪਰਮਵੀਰ ਮੋਂਗਾ ਸੁਪਰਡੈਂਟ, ਵਿਕਾਸ ਕਾਲੜਾ ਪੀ ਏ ਟੂ ਸਿਵਲ ਸਰਜਨ, ਸੁਬੋਧ ਕੱਕੜ, ਸੁਮੇਸ਼ ਗੁੰਬਰ ਆਦਿ ਹਾਜ਼ਰ ਸਨ ।
Latest News
