ਸਿਹਤ ਸੇਵਾਵਾਂ ਦੇ ਪੱਖ ਤੋਂ ਸਾਲ 2024 ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਲਈ ਵਰਦਾਨ ਸਾਬਤ ਹੋਇਆ
ਗੁਰਦਾਸਪੁਰ, 31 ਦਸੰਬਰ ( ) - ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਸੁਧਾਰਾਂ ਦੇ ਪੱਖ ਤੋਂ ਸਾਲ 2024 ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਲਈ ਵਰਦਾਨ ਸਾਬਤ ਹੋਇਆ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾਂ ਸਦਕਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਨੇ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।
ਸਾਲ 2024 ਦੌਰਾਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੀਤੇ ਗਏ ਸਿਹਤ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਨੂੰ 3.50 ਕਰੋੜ ਰੁਪਏ ਦੀ ਲਾਗਤ ਨਾਲ 30 ਬੈੱਡਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਜੋਂ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਓ.ਪੀ.ਡੀ., ਡੇਅ ਕੇਅਰ ਐਮਰਜੈਂਸੀ ਸਹੂਲਤ, ਨਿਊ ਅਲਟਰਾ ਮਾਡਰਨ ਐਕਸਰੇ ਪਲਾਂਟ, ਸੀ.ਆਰ. ਸਿਸਟਮ, ਲੈਬ ਸਰਵਿਸ, ਗਾਇਨਾਕੌਲੋਜੀ ਅਤੇ ਪਾਏਡਿਏਟਰਿਕਸ ਦੀ ਸਹੂਲਤ ਦਿੱਤੀ ਗਈ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 62 ਆਮ ਆਦਮੀ ਕਲੀਨਿਕ ਚੱਲ ਰਹੇ ਜਿਨ੍ਹਾਂ ਵਿਚੋਂ 27 ਆਮ ਆਦਮੀ ਕਲੀਨਿਕ ਸਾਲ 2024 ਵਿੱਚ ਸ਼ੁਰੂ ਹੋਏ ਹਨ। ਸਾਲ 2024 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਅਧੀਨ ਕੁੱਲ 19,112 ਮਰੀਜ਼ਾਂ ਨੇ ਮੁਫ਼ਤ ਇਲਾਜ ਕਰਵਾਇਆ, ਜਿਸ ਉੱਪਰ 9,70,59,390 ਰੁਪਏ ਖ਼ਰਚ ਕੀਤੇ ਗਏ ਹਨ।
ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ 16.75 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡਡ ਕ੍ਰਿਟੀਕਲ ਕੇਅਰ ਬਲਾਕ ਨੂੰ ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 10.50 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡਡ ਜੱਚਾ-ਬੱਚਾ ਸਿਹਤ ਸੰਭਾਲ ਵਾਰਡ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਮੁਕੰਮਲ ਹੋਣ ਦੇ ਨੇੜੇ ਹੈ। ਸ੍ਰੀ ਬਹਿਲ ਨੇ ਦੱਸਿਆ ਕਿ 1.25 ਕਰੋੜ ਰੁਪਏ ਦੀ ਲਾਗਤ ਨਾਲ ਇਨਟੈੱਗਰੇਟਿਡ ਪਬਲਿਕ ਹੈਲਥ ਲੈਬ ਵੀ ਸਥਾਪਤ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ। ਇਸ ਦੇ ਨਾਲ ਹੀ 1.30 ਕਰੋੜ ਰੁਪਏ ਦੀ ਲਾਗਤ ਨਾਲ ਡਿਸਟ੍ਰਿਕਟ ਅਰਲੀ ਇੰਟਰਵੇਨਸ਼ਨ ਸੈਂਟਰ ਫ਼ਾਰ ਨਿਊ ਬੋਰਨ ਬੇਬੀਸ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੈ ਜਿਸ ਉੱਪਰ 1.30 ਕਰੋੜ ਰੁਪਏ ਖ਼ਰਚ ਆਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਕੋਵਿਡ-19, ਡੇਂਗੂ, ਸਵਾਈਨ ਫਲੂ, ਐੱਚਆਈਵੀ, ਚਿਕਨ ਗੁਨੀਆ ਅਤੇ ਹੋਰ ਬਹੁਤ ਸਾਰੇ ਵਾਇਰਲ ਮਾਰਕਰ ਟੈੱਸਟ ਕਰਵਾਉਣ ਲਈ 1.35 ਕਰੋੜ ਦੀ ਲਾਗਤ ਨਾਲ ਆਰਟੀ-ਪੀਸੀਆਰ ਲੈਬ ਸ਼ੁਰੂ ਕੀਤੀ ਗਈ। ਡਰੱਗ ਰੀਹੈਬਲੀਟੇਸ਼ਨ ਸੈਂਟਰ ਦੁਬਾਰਾ ਸ਼ੁਰੂ ਕੀਤਾ ਗਿਆ। ਸੀਐਚ ਨੂੰ 24x7 ਆਕਸੀਜਨ ਸਪਲਾਈ ਪ੍ਰਦਾਨ ਕਰਨ ਲਈ ਐੱਲ.ਐੱਮ.ਓ. ਪਲਾਂਟ ਸ਼ੁਰੂ ਹੋਇਆ। 30 ਗ੍ਰੈਜੂਏਟ ਨਰਸਿੰਗ ਵਿਦਿਆਰਥੀਆਂ ਦੀ ਸਾਲਾਨਾ ਸਮਰੱਥਾ ਵਾਲੇ ਨਰਸਿੰਗ ਪ੍ਰੈਕਟੀਸ਼ਨਰਾਂ ਲਈ ਕੋਰਸ ਸ਼ੁਰੂ ਕਰਨ ਲਈ ਸਟੇਟ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ। ਨਵੇਂ ਓਟੀ ਟੇਬਲ, ਓਟੀ ਲਾਈਟਾਂ, ਸਪਾਈਨਲ ਐਂਡੋਸਕੋਪ ਅਤੇ ਅਨੱਸਥੀਸੀਆ ਵਰਕ ਸਟੇਸ਼ਨ ਨਾਲ ਆਪ੍ਰੇਸ਼ਨ ਥੀਏਟਰਾਂ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਇਆ ਗਿਆ। ਇਸ ਤੋਂ ਇਲਾਵਾ ਰੇਡਿਓਲੋਜੀ ਵਿਭਾਗ ਨੂੰ ਇੱਕ ਨਵੀਂ ਨਵੀਨਤਮ ਅਲਟਰਾਸਾਊਂਡ ਮਸ਼ੀਨ ਨਾਲ ਮਜ਼ਬੂਤਕੀਤਾ ਗਿਆ। ਓਪੀਡੀ, ਐਮਰਜੈਂਸੀ, ਵਾਰਡ, ਲੈਬ ਸੇਵਾਵਾਂ ਨੂੰ ਵੀ ਮਜ਼ਬੂਤਕੀਤਾ ਗਿਆ ਹੈ। ਸ੍ਰੀ ਰਮਨ ਬਹਿਲ ਨੇ ਦੱਸਿਆ ਕਿ 7 ਡਾਕਟਰਾਂ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਡੀ.ਐੱਨ.ਬੀ. ਸਕੀਮ ਅਧੀਨ ਗਾਇਨਾਕੌਲੋਜੀ ਅਤੇ ਪੀਡੀਆਟ੍ਰਿਕਸ ਵਿੱਚ ਆਪਣੀ ਪੀਜੀ ਸ਼ੁਰੂ ਕਰ ਦਿੱਤੀ ਹੈ। 60 ਲੱਖ ਰੁਪਏ ਦੀ ਲਾਗਤ ਨਾਲ ਫੂਡ ਐਂਡ ਡਰੱਗ ਜ਼ੋਨਲ ਦਫ਼ਤਰ ਸ਼ੁਰੂ ਹੋਇਆ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਐੱਨ.ਸੀ.ਡੀ. ਅਧੀਨ ਭਾਰਤੀ ਹਾਈਪਰਟੈਨਸ਼ਨ ਕੰਟਰੋਲ ਪਹਿਲਕਦਮੀ ਵਿੱਚ ਪਹਿਲੇ ਸਥਾਨ 'ਤੇ ਰਿਹਾ। ਗੁਰਦਾਸਪੁਰ 150 ਪ੍ਰਤੀਸ਼ਤ ਤੋਂ ਵੱਧ ਪ੍ਰਾਪਤੀ ਦੇ ਨਾਲ ਆਈਪੀਐਚਐਸ ਮਾਪਦੰਡਾਂ ਦੇ ਓ.ਡੀ.ਕੇ. ਟੂਲ ਕਿੱਟ ਵਿੱਚ ਰਾਜ ਵਿੱਚ ਦੂਜੇ ਸਥਾਨ 'ਤੇ ਹੈ। ਸੀਐਚਸੀ ਕਲਾਨੌਰ ਅਤੇ ਪੀਐਚਸੀ ਧਿਆਨਪੁਰ ਤੋਂ 2 ਨਵੀਆਂ 108 ਐਂਬੂਲੈਂਸਾਂ ਸ਼ੁਰੂ ਹੋਈਆਂ ਹਨ। 9 ਸਿਹਤ ਸੰਭਾਲ ਸਹੂਲਤਾਂ ਨੇ ਰਾਸ਼ਟਰੀ ਪ੍ਰਮਾਣੀਕਰਣ ਪ੍ਰਾਪਤ ਕੀਤਾ ਹੈ ਅਤੇ 26 ਹੋਰ ਸਿਹਤ ਸੰਭਾਲ ਸਹੂਲਤਾਂ ਨੇ ਰਾਸ਼ਟਰੀ ਗੁਣਵੱਤਾ ਭਰੋਸਾ ਯੋਜਨਾ ਅਧੀਨ ਰਾਜ ਪੱਧਰੀ ਪ੍ਰਮਾਣੀਕਰਣ ਪ੍ਰਾਪਤ ਕੀਤਾ ਹੈ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਪੱਖ ਤੋਂ ਸਾਲ 2024 ਯਾਦਗਾਰੀ ਤੇ ਇਤਿਹਾਸਕ ਸਾਲ ਰਿਹਾ ਹੈ ਅਤੇ ਸਾਲ 2025 ਦੌਰਾਨ ਵੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵੀਂ ਉਚਾਈਆਂ ਨੂੰ ਛੂਹਿਆ ਜਾਵੇਗਾ।