ਚੰਗਰ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪਿਆ ਬੂਰ
ਚੰਡੀਗੜ੍ਹ, 28 ਨਵੰਬਰ
ਪੰਜਾਬ ਦੇ ਕੈਬਨਿਟ ਮੰਤਰੀ ਸ੍ਰ:ਹਰਜੋਤ ਸਿੰਘ ਬੈਂਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਹਕੀਕਤ ਬਣਨ ਜਾ ਰਹੇ ਵਿਧਾਨ ਸਭਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਚੰਗਰ ਦੇ ਇਲਾਕੇ ਨੂੰ ਨਹਿਰੀ ਪਾਣੀ ਦੀ ਸਪਲਾਈ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।
ਸ੍ਰੀ ਹਰਜੋਤ ਸਿੰਘ ਬੈਂਸ ਮਿਤੀ 29 ਨਵੰਬਰ ਨੂੰ ਪਿੰਡ ਸਮਲਾਹ ਵਿਖੇ 86.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ।
ਇਹ ਇਲਾਕਾ ਕਈ ਸਦੀਆਂ ਤੋਂ ਬਰਸਾਤੀ ਪਾਣੀ ਨਾਲ ਹੀ ਖੇਤੀ ਦੀ ਸਿੰਚਾਈ ਕਰਦਾ ਆ ਰਿਹਾ ਸੀ। ਜਿਸ ਕਾਰਨ ਗਰਮੀਆਂ ਦੇ ਮੌਸਮ ਵਿੱਚ ਇਸ ਇਲਾਕੇ ਦੇ ਕਿਸਾਨਾਂ ਨੂੰ ਪਾਣੀ ਦੀ ਘਾਟ ਕਾਰਣ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਕੈਬਨਿਟ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ-ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਲਗਭਗ ਇੱਕ ਦਰਜਨ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।
ਇਸ ਪ੍ਰੋਜੈਕਟ ਨਾਲ ਪਿੰਡ ਲਖੇੜ, ਸਮਲਾਹ, ਪਹਾੜਪੁਰ,ਧਨੇੜਾ, ਮਿੱਢਵਾਂ,ਮਹਿੰਦਲੀ ਖੁਰਦ, ਰਾਏਪੁਰ ਸਾਹਨੀ,ਕੋਟਲਾ, ਬੱਢਲ ਅਤੇ ਪਿੰਡ ਬਲੋਲੀ ਦੇ 2762 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਮਿਲੇਗੀ ਨਾਲ ਇਲਾਕੇ ਵਿੱਚ ਹਰਿਆਲੀ ਤੇ ਖੁਸ਼ਹਾਲੀ ਮੁੜ ਪਰਤ ਆਵੇਗੀ|
ਇੱਥੇ ਇਹ ਦੱਸਣਯੋਗ ਹੈ ਕਿ ਇਸ ਲਿਫਟ ਸਿੰਜਾਈ ਯੋਜਨਾ ਦਾ ਖਾਕਾ ਸਿੰਚਾਈ ਵਿਭਾਗ ਵੱਲੋਂ ਆਈ.ਆਈ.ਟੀ ਰੂਪਨਗਰ ਦੇ ਤਕਨੀਕੀ ਮਾਹਿਰਾਂ ਤੋਂ ਭਵਿੱਖੀ ਲੋੜਾਂ ਅਤੇ ਭੂਗੋਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕਰਵਾਇਆ ਗਿਆ ਹੈ।