ਜ਼ਿਲ੍ਹੇ ਨੂੰ 1320 ਮੀਟਰਕ ਟਨ ਯੂਰੀਆ ਖਾਦ ਹੋਈ ਪ੍ਰਾਪਤ -ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 14 ਦਸੰਬਰ :
ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਯੂਰੀਆ ਖਾਦ ਦਾ ਰੈਕ ਲੱਗ ਚੁੱਕਾ ਹੈ ਅਤੇ ਇਸ ਰੈਕ ਵਿੱਚ ਜ਼ਿਲ੍ਹੇ ਲਈ 1320 ਮੀਟਰਕ ਟਨ ਯੂਰੀਆ ਖਾਦ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹਾੜੀ ਦੀਆਂ ਫਸਲਾਂ ਲਈ ਕੁੱਲ 65 ਹਜਾਰ ਮੀਟਰਕ ਟਨ ਯੂਰੀਆ ਖਾਦ ਦੀ ਜਰੂਰਤ ਹੁੰਦੀ ਹੈ, ਜਿਸ ਵਿੱਚੋਂ ਹੁਣ ਤੱਕ ਕਰੀਬ 48 ਹਜਾਰ ਮੀਟਰਕ ਟਨ ਯੂਰੀਆ ਖਾਦ ਜ਼ਿਲ੍ਹੇ ਅੰਦਰ ਆ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਹ ਖਾਦ ਕ੍ਰਿਭਕੋ ਕੰਪਨੀ ਵੱਲੋਂ ਸਪਲਾਈ ਕੀਤੀ ਗਈ ਹੈ ਅਤੇ ਜ਼ਿਲ੍ਹੇ ਅੰਦਰ ਰੈਕ ਹੋਲਡਰ ਫਰਮ ਮੈਸ. ਦੁਰਗਾ ਪੈਸਟੀਸਾਈਡ ਮਾਨਸਾ ਵੱਲੋਂ ਇਹ ਖਾਦ ਪ੍ਰਾਪਤ ਕਰਕੇ ਅੱਗੇ ਵੰਡੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਯੂਰੀਆ ਖਾਦ ਦੀ ਖਰੀਦ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਜ਼ਿਲੇ ਅੰਦਰ ਬਕਾਇਆ ਰਹਿੰਦੀ ਯੂਰੀਆ ਖਾਦ ਵੀ ਜਲਦੀ ਉਪਲਬਧ ਕਰਵਾ ਲਈ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਵਿਕਰੇਤਾਵਾਂ ਪਾਸੋਂ ਕਿਸੇ ਵੀ ਤਰ੍ਹਾਂ ਦਾ ਖੇਤੀ ਸਮਾਨ ਖਰੀਦ ਕਰਦੇ ਸਮੇਂ ਪੱਕਾ ਬਿਲ ਜ਼ਰੂਰ ਲਿਆ ਜਾਵੇ ਅਤੇ ਜੇਕਰ ਕੋਈ ਡੀਲਰ ਪੱਕਾ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨ ਨੂੰ ਖਾਦਾਂ ਦੇ ਨਾਲ ਕਿਸੇ ਵੀ ਬੇਲੋੜੀ ਚੀਜ਼ ਦੀ ਟੈਗਿੰਗ ਕਰਕੇ ਨਾ ਵੇਚੀ ਜਾਵੇ।
ਰੈਕ ਪੁਆਇੰਟ ’ਤੇ ਦੌਰਾ ਕਰਦੇ ਸਮੇਂ ਉਨ੍ਹਾਂ ਨਾਲ ਮਿਸ ਸ਼ਗਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਇਨਫੋਰਸਮੈਂਟ ਮਾਨਸਾ, ਸ਼੍ਰੀ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਾਨਸਾ ਤੋਂ ਇਲਾਵਾ ਰੈਕ ਹੋਲਡਰ ਫਰਮ ਦੇ ਨੁਮਾਇੰਦੇ ਸ਼੍ਰੀ ਭੋਲਾ ਨਾਥ ਮੌਜੂਦ ਸਨ।