ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ -ਧਾਲੀਵਾਲ
ਅਜਨਾਲਾ, 8 ਨਵੰਬਰ
ਆਮ ਆਦਮੀ ਪਾਰਟੀ ਦੇ ਅਜਨਾਲਾ ਸਥਿਤ ਦਫਤਰ ਵਿੱਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਖ਼ੂਨਦਾਨ ਨਾਲ ਮੌਜੂਦਾ ਦੌਰ 'ਚ ਇੱਕ ਦੀ ਥਾਂ ਕਈ ਜਿੰਦਗੀਆਂ ਬਚਦੀਆਂ ਹਨ, ਇਸ ਲਈ ਖ਼ੂਨਦਾਨ ਮਹਾਨ ਦਾਨ ਹੈ।
ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੱਕ ਤੰਦਰੁਸਤ ਆਦਮੀ ਸਾਲ ਵਿੱਚ ਘੱਟੋ ਘੱਟ ਇਕ ਯੂਨਿਟ ਵੀ ਜੇ ਖੂਨ ਦਾਨ ਕਰੇ ਤਾਂ ਉਹ ਤਿੰਨ ਜਿੰਦਗੀਆਂ ਬਚਾ ਸਕਦਾ ਹੈ , ਸੋ ਕਿਸੇ ਨੂੰ ਜਿੰਦਗੀ ਦੇਣ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੋ ਸਕਦਾ। ਉਹਨਾਂ ਪੰਜਾਬ ਵਾਸੀਆਂ ਨੂੰ ਕਿਹਾ ਕਿ ਉਹ ਹੋਰ ਦਾਨਾਂ ਦੇ ਨਾਲ ਨਾਲ ਖੂਨਦਾਨ ਕਰਨ ਵੱਲ ਵੀ ਉਚੇਚਾ ਧਿਆਨ ਦੇਣ ਤਾਂ ਜੋ ਲੋੜ ਵੇਲੇ ਕਿਸੇ ਦੀ ਲੋੜ ਪੂਰੀ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਡਾਕਟਰਾਂ ਅਨੁਸਾਰ ਵੀ ਜੇਕਰ ਤੰਦਰੁਸਤ ਵਿਅਕਤੀ ਸਾਲ ਵਿੱਚ ਇਕ ਜਾਂ ਦੋ ਵਾਰ ਖੂਨ ਦਾਨ ਕਰਦਾ ਹੈ ਉਸ ਨਾਲ ਉਸ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਕਈ ਤਰ੍ਹਾਂ ਦੇ ਫਾਇਦੇ ਸਿਹਤ ਨੂੰ ਲੈ ਕੇ ਹੁੰਦੇ ਹਨ। ਇਸ ਲਈ ਜਰੂਰੀ ਹੈ ਕਿ ਹਰੇਕ ਤੰਦਰੁਸਤ ਵਿਅਕਤੀ ਸਾਲ ਵਿੱਚ ਇੱਕ ਵਾਰ ਘੱਟੋ ਘੱਟ ਜਰੂਰ ਆਪਣਾ ਖੂਨ ਦਾਨ ਕਰੇ।