ਨੌਜਵਾਨਾਂ ਨੂੰ ਖੇਡ ਮੈਦਾਨਾਂ ਦੇ ਰਾਹ ਪਾ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ: ਰੁਪਿੰਦਰ ਸਿੰਘ ਹੈਪੀ
* ਕੋਚਿੰਗ ਸੈਂਟਰ ਆਈ.ਟੀ.ਆਈ. ਬੱਸੀ ਪਠਾਣਾਂ ਫੁਟਬਾਲ ਦੇ ਚੰਗੇ ਖਿਡਾਰੀ ਪੈਦਾ ਕਰਨ ਵਿੱਚ ਨਿਭਾਅ ਰਿਹੈ ਅਹਿਮ ਰੋਲ
* ਖਿਡਾਰੀਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਕੋਚਿੰਗ, ਖੇਡ ਸਮੱਗਰੀ ਤੇ ਖੁਰਾਕ
* ਸੂਬਾਈ ਤੇ ਕੌਮੀ ਪੱਧਰ ਉਤੇ ਮੱਲਾਂ ਮਾਰ ਚੁੱਕੇ ਨੇ ਖਿਡਾਰੀ
* ਹਲਕਾ ਵਿਧਾਇਕ ਨੇ ਸੈਂਟਰ ਸਬੰਧੀ ਲੋੜਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
Bassi Pathans / Fatehgarh Sahib, 28 November 2024,(Azsd Soch News):- ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਦਾ ਟੀਚਾ ਲੈ ਕੇ ਚੱਲ ਰਹੀ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮਾੜੇ ਪਾਸੇ ਜਾਣ ਤੋਂ ਰੋਕਣ ਲਈ ਜਿੱਥੇ "ਖੇਡਾਂ ਵਤਨ ਪੰਜਾਬ ਦੀਆਂ" ਵਰਗਾ ਅਹਿਮ ਉਪਰਾਲਾ ਕੀਤਾ ਗਿਆ ਹੈ, ਉਥੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਖੇਡ ਕੋਚਿੰਗ ਸੈਂਟਰ ਵੀ ਨੌਜਵਾਨਾਂ ਨੂੰ ਖੇਡ ਮੈਦਾਨਾਂ ਦੇ ਰਾਹ ਪਾ ਕੇ ਸੂਬੇ ਦਾ ਭਵਿੱਖ ਸੁਨਹਿਰਾ ਬਨਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਆਈ.ਟੀ.ਆਈ., ਬਸੀ ਪਠਾਣਾਂ ਵਿਖੇ ਕਾਰਜਸ਼ੀਲ ਖੇਡ ਕੋਚਿੰਗ ਸੈਂਟਰ ਫੁਟਬਾਲ ਦੇ ਚੰਗੇ ਖਿਡਾਰੀ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਕੋਚਿੰਗ ਸੈਂਟਰ ਵਿਖੇ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ, ਖੇਡ ਸਮੱਗਰੀ ਜਿਵੇਂ ਕਿ ਫੁਟਬਾਲਾਂ, ਕੋਨ, ਮਾਰਕਰ, ਹਰਡਲ, ਸਪੀਡ ਲੈਡਰ ਤੇ ਹੋਰ ਲੋੜੀਂਦਾ ਸਮਾਨ ਅਤੇ ਖੁਰਾਕ ਜਿਵੇਂ ਕਿ ਦੁੱਧ, ਕੇਲੇ, ਬਦਾਮ ਆਦਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ। ਇਸ ਵੇਲੇ 40 ਦੇ ਕਰੀਬ ਖਿਡਾਰੀਆਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ ਤੇ ਕੋਚ ਸੁਖਦੀਪ ਸਿੰਘ ਖਿਡਾਰੀਆਂ ਨੂੰ ਫੁਟਬਾਲ ਦੀ ਕੋਚਿੰਗ ਦੇ ਰਹੇ ਹਨ।
ਹਲਕਾ ਵਿਧਾਇਕ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਸਾਲਾਂ ਦੌਰਾਨ 60 ਖਿਡਾਰੀ ਵੱਖ-ਵੱਖ ਉਮਰ ਵਰਗ ਅਧੀਨ ਸੂਬਾ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ। ਇਸ ਸੈਂਟਰ ਦਾ ਖਿਡਾਰੀ ਬਲਰਾਜ ਸਿੰਘ ਅੰਡਰ 17 ਸਕੂਲ ਨੈਸ਼ਨਲ, ਜੋ ਕਿ ਅੰਡੇਮਾਨ ਨਿਕੋਬਾਰ ਵਿਖੇ ਹੋਈ, ਵਿੱਚ ਕਾਂਸੀ ਦਾ ਤਗਮਾ ਹਾਸਲ ਕਰ ਚੁੱਕਾ ਹੈ।
ਇਸੇ ਤਰ੍ਹਾਂ ਇਸੇ ਸੈਂਟਰ ਦਾ ਖਿਡਾਰੀ ਆਸ਼ੂਤੋਸ਼ ਬੰਗਲੌਰ ਵਿਖੇ ਹੋਈ ਸਬ ਜੂਨੀਅਰ ਨੈਸ਼ਨਲ ਵਿੱਚ ਹਿੱਸਾ ਲੈ ਚੁੱਕਿਆ ਹੈ ਤੇ ਇਸ ਵੇਲੇ ਆਨੰਦਪੁਰ ਸਾਹਿਬ ਪੀ.ਆਈ.ਐਸ. ਅਕੈਡਮੀ ਵਿਖੇ ਸਿਲੈਕਟ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਖਿਡਾਰੀ ਮਾਹਿਲਪੁਰ ਅਕੈਡਮੀ, ਖੋੋਸਾ ਅਕੈਡਮੀ ਤੇ ਪੰਜਾਬ ਦੀਆਂ ਹੋਰ ਵੱਖ-ਵੱਖ ਅਕੈਡਮੀਆਂ ਵਿੱਚ ਖੇਡ ਰਹੇ ਹਨ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧ ਹੈ ਤੇ ਇਸ ਸੈਂਟਰ ਵਿਖੇ ਸਪੋਰਟਸ ਰੂਮ ਸਮੇਤ ਜਿਹੜੀਆਂ ਵੀ ਸਹੂਲਤਾਂ ਚਾਹੀਦੀਆਂ ਹਨ, ਉਹ ਹਰ ਹਾਲ ਮੁਹੱਈਆ ਕਰਵਾਈਆਂ ਜਾਣਗੀਆਂ।
ਹਲਕਾ ਵਿਧਾਇਕ ਨੇ ਕਿਹਾ ਕਿ ਖੇਡਾਂ ਨਾਲ ਕੇਵਲ ਸਰੀਰ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਇਨਸਾਨ ਦੀ ਹਰ ਖੇਤਰ ਵਿੱਚ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਇਨਸਾਨ ਵੱਖੋ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਆਪਣਾ ਨਾਮ ਰੌਸ਼ਨ ਕਰ ਸਕਦਾ ਹੈ।