ਸਾਰੀਆਂ ਲਿੰਕ ਸੜਕਾਂ ਲੋੜ ਅਨੁਸਾਰ ਚੌੜੀਆਂ ਕੀਤੀਆਂ ਜਾਣਗੀਆਂ- ਈ ਟੀ ਓ
ਜੰਡਿਆਲਾ ਗੁਰੂ 27 ਨਵੰਬਰ 2024--
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਹਲਕੇ ਵਿੱਚ ਲਿੰਕ ਸੜਕਾਂ ਚੌੜੀਆਂ ਕਰਨ ਦੀ ਸ਼ੁਰੂਆਤ ਕਰਦੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਲੋੜ ਅਨੁਸਾਰ ਚੌੜੀਆਂ ਕੀਤੀਆਂ ਜਾਣਗੀਆਂ। ਉਨਾਂ ਅੱਜ 133.69 ਲੱਖ ਰੁਪਏ ਦੀ ਲਾਗਤ ਨਾਲ ਚੁੰਗ ਤੋਂ ਬੁੱਜਿਆਂਵਾਲੀ (10 ਤੋਂ 12 ਫੁੱਟ) ਕਰਨ ਅਤੇ 49.91 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸੈਦੋ ਲਹਿਲ ਤੋਂ ਡਰੇਨ ਤਕ ਫਿਰਨੀ ਚੌੜੀ ਕਰਨ ਦਾ ਨੀਂਹ ਪੱਥਰ ਰੱਖਿਆ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੀ.ਆਈ.ਡੀ.ਬੀ. ਫੰਡਡ ਸਕੀਮ ਅਧੀਨ ਸਰਕਾਰ ਵੱਲੋਂ 133.69 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕ ਚੁੰਗ ਤੋਂ ਬੁੰਜਿਆਂਵਾਲੀ ਸੜਕ 10 ਤੋਂ 12 ਫੁੱਟ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸੜਕ ਦੀ ਲੰਬਾਈ 3.12 ਕਿਲੋਮੀਟਰ ਹੈ। ਇਸ ਕਾਰਜ ਸਬੰਧਤ ਠੇਕੇਦਾਰ ਨੂੰ ਅਲਾਟ ਹੋ ਚੁੱਕਾ ਅਤੇ ਇਸ ਕੰਮ ਨੂੰ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪੀ.ਆਈ.ਡੀ.ਬੀ. ਫੰਡਡ ਸਕੀਮ ਅਧੀਨ ਸਰਕਾਰ ਵੱਲੋਂ 49.91 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸੈਦੋ ਲਹਿਲ ਤੋਂ ਡਰੇਨ ਤਕ ਦੀ ਫਿਰਨੀ ਨੂੰ ਸੜਕ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਸੜਕ ਦੀ ਲੰਬਾਈ 1.60 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾਂ ਦੱਸਿਆ ਕਿ ਇਸ ਕੰਮ ਨੂੰ 4 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੇਂਡੂ ਸੜਕਾਂ ਨੂੰ ਚੌੜੀਆਂ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਉਸੇ ਤਹਿਤ ਇਹ ਕੰਮ ਕਰਵਾਏ ਜਾ ਰਹੇ ਹਨ।