ਨਵੇਂ ਬੱਸ ਅੱਡੇ ਨੇੜੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਇੱਕ ਹੋਰ ਨਵੀਂ ਸੜਕ ਬਣੇਗੀ : ਡਿਪਟੀ ਕਮਿਸ਼ਨਰ
ਪਟਿਆਲਾ, 20 ਜਨਵਰੀ
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸ਼ਾਮ ਨਵੇਂ ਬੱਸ ਅੱਡੇ ਦਾ ਦੌਰਾ ਕੀਤਾ ਅਤੇ ਬੱਸ ਅੱਡੇ ਸਾਹਮਣੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ, ਐਨਐਚ ਡਵੀਜ਼ਨ ਦੇ ਅਧਿਕਾਰੀਆਂ ਨੂੰ 126 ਮੀਟਰ ਦੇ ਕਰੀਬ ਪੱਕੀ ਸੜਕ ਬਣਾਉਣ ਦੀ ਹਦਾਇਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬੱਸ ਅੱਡੇ ਦੇ ਬਾਹਰ ਲੱਗਦੇ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਰਾਹਗੀਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬੱਸ ਸਟੈਂਡ ਦੇ ਸਾਹਮਣੇ ਪਈ ਪੀਡੀਏ ਦੀ ਜਗ੍ਹਾ ਉੱਤੇ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਬੱਸ ਅੱਡੇ ਅੰਦਰ ਜਾਣ ਵਾਲੀਆਂ ਬੱਸਾਂ ਲਾਈਟਾਂ ਤੋਂ ਹੀ ਹਸਪਤਾਲ ਦੇ ਨਾਲ ਲੱਗਦੀ ਨਵੀਂ ਬਣਨ ਵਾਲੀ ਸੜਕ ਦੇ ਨਾਲ ਬੱਸ ਅੱਡੇ ਦੇ ਬੱਸ ਲਈ ਬਣੇ ਰਸਤੇ ਵਾਲੇ ਪੁਲ ਉੱਪਰ ਚੜ ਕੇ ਬੱਸ ਅੱਡੇ ਅੰਦਰ ਦਾਖਲ ਹੋ ਸਕਣਗੀਆਂ, ਜਿਸ ਨਾਲ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਟਰੈਫ਼ਿਕ ਆਸਾਨੀ ਨਾਲ ਨਿਕਲ ਸਕੇਗੀ।
ਡਿਪਟੀ ਕਮਿਸ਼ਨਰ ਨੇ ਪੀਡੀਏ ਤੇ ਲੋਕ ਨਿਰਮਾਣ ਵਿਭਾਗ ਦੀ ਨੈਸ਼ਨਲ ਹਾਈਵੇ ਡਵੀਜ਼ਨ ਦੇ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਜਲਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਕੰਮ ਸਮਾਂਬੱਧ ਕੀਤਾ ਜਾਵੇ। ਉਨ੍ਹਾਂ ਨਵੇਂ ਬੱਸ ਅੱਡੇ ਦੇ ਮੂਹਰੇ ਸਵਾਰੀਆਂ ਨੂੰ ਲਿਆਉਣ ਤੇ ਲਿਜਾਣ ਵਾਲੇ ਤਿੰਨ ਪਹੀਆਂ ਵਾਹਨ ਈ ਰਿਕਸ਼ਾ ਆਦਿ ਲਈ ਬਣਾਈ ਜਾ ਰਹੀ ਸੜਕ ਅਤੇ ਤੁਰਨ ਵਾਲਿਆਂ ਲਈ ਬਣਾਏ ਜਾ ਰਹੇ ਫੁੱਟਪਾਥ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਵੇਂ ਬੱਸ ਅੱਡੇ ਦੀ ਸਾਫ਼ ਸਫ਼ਾਈ ਵਿੱਚ ਕਮੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਨਵੇਂ ਬੱਸ ਅੱਡੇ ਦੀ ਸਾਫ਼ ਸਫ਼ਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੱਸ ਅੱਡੇ ਵਿੱਚ ਬਣੇ ਬਾਥਰੂਮਾਂ ਦੀ ਨਿਯਮਤ ਤੌਰ ਤੇ ਸਫ਼ਾਈ ਕੀਤੀ ਜਾਵੇ ਅਤੇ ਜਿੱਥੇ ਕਿਤੇ ਕੋਈ ਟੁੱਟ ਭੱਜ ਹੋਈ ਹੈ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਸੂਰਤ ਵਿੱਚ ਸਬੰਧਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੀਡੀਏ ਦੇ ਮੁੱਖ ਪ੍ਰਸ਼ਾਸਨ ਮਨੀਸ਼ਾ ਰਾਣਾ, ਏਸੀਏ ਜਸ਼ਨਪ੍ਰੀਤ ਕੌਰ, ਐਸਡੀਐਮ ਪਟਿਆਲਾ ਗੁਰਦੇਵ ਸਿੰਘ ਧਮ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ ਤੇ ਐਕਸੀਅਨ ਵਿਨੀਤ ਸਿੰਗਲਾ ਵੀ ਮੌਜੂਦ ਸਨ।