ਜਲੰਧਰ ਛਾਉਣੀ 'ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ
ਜਲੰਧਰ, 18 ਜਨਵਰੀ :
ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ ਹੇਠ ਸਿੱਖ ਲਾਈਟ ਇਨਫੈਂਟਰੀ ਦੇ ਸਹਿਯੋਗ ਨਾਲ ਸੀਨੀਅਰ ਡਿਵੀਜ਼ਨ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਵਿੱਚ 210 ਕੈਡਿਟਸ ਹਿੱਸਾ ਲੈਣ ਜਾ ਰਹੇ ਹਨ। ਚਾਰ ਐੱਨਸੀਸੀ ਬਟਾਲੀਅਨਾਂ ਦੇ ਕੈਡਿਟ ਭਾਰਤੀ ਫੌਜ ਦੀ ਕਾਰਜਸ਼ੈਲੀ ਅਤੇ ਜੀਵਨ ਸ਼ੈਲੀ ਨੂੰ ਨੇੜਿਓਂ ਦੇਖਣ ਲਈ 12 ਦਿਨਾਂ ਦੇ ਆਰਮੀ ਕੈਂਪ ਵਿੱਚ ਸ਼ਾਮਿਲ ਹਨ। ਇਸ ਕੈਂਪ ਵਿੱਚ ਐੱਨਸੀਸੀ ਕੈਡਿਟ ਜੰਗ ਅਤੇ ਲੜਾਈ ਵਿੱਚ ਫੌਜ ਦੀਆਂ ਵੱਖ-ਵੱਖ ਰੈਜੀਮੈਂਟਾਂ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰਕਿਰਿਆਵਾਂ ਸਿੱਖਣਗੇ। 2 ਪੰਜਾਬ ਐੱਨਸੀਸੀ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਨੇ ਕਿਹਾ ਕਿ ਕੈਡਿਟਾਂ ਨੂੰ ਫੌਜੀ ਸਿਖਲਾਈ ਪ੍ਰਦਾਨ ਕਰਨ ਲਈ ਸਾਰੀਆਂ ਤਿਆਰੀਆਂ ਕੱਲ੍ਹ ਦੇਰ ਰਾਤ ਤੱਕਪੂਰੀਆਂ ਕਰ ਲਈਆਂ ਗਈਆਂ ਸਨ। ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ ਅਤੇ ਜਲੰਧਰ ਦੇ ਕੈਡਿਟ ਡ੍ਰਿਲ, ਫੌਜੀ ਹਥਿਆਰਾਂ ਦੀ ਸਿਖਲਾਈ, ਗੋਲੀਬਾਰੀ, ਲੀਡਰਸ਼ਿਪ ਗੁਣ, ਸਾਰੇ ਧਰਮਾਂ ਦਾ ਸਤਿਕਾਰ, ਜੰਗੀ ਅਭਿਆਸ ਆਦਿ ਵਿਸ਼ਿਆਂ 'ਤੇ ਸਿਖਲਾਈ ਪ੍ਰਾਪਤ ਕਰਨਗੇ। ਸਿਖਲਾਈ ਲਈ ਵੱਖ-ਵੱਖ ਫੌਜੀ ਬਟਾਲੀਅਨਾਂ ਦੇ ਦੌਰੇ ਦੀ ਯੋਜਨਾ ਬਣਾਈ ਗਈ ਹੈ। ਜਿਸ ਵਿੱਚ ਤੋਪਖਾਨਾ ਰੈਜੀਮੈਂਟ, ਇੰਜੀਨੀਅਰ ਰੈਜੀਮੈਂਟ, ਕੰਬੈਟ ਇਨਫੈਂਟਰੀ ਬਟਾਲੀਅਨ, ਕਮਿਊਨੀਕੇਸ਼ਨ ਰੈਜੀਮੈਂਟ ਆਦਿ ਸ਼ਾਮਲ ਹਨ।
ਕਰਨਲ ਜੋਸ਼ੀ ਨੇ ਕਿਹਾ ਕਿ ਹਰ ਸਾਲ ਦੇਸ਼ ਭਰ ਵਿੱਚ ਲਗਭਗ 4000 ਐਨਸੀਸੀ ਕੈਡਿਟ ਭਾਰਤੀ ਫੌਜ ਨਾਲ ਅਟੈਚਮੈਂਟ ਕੈਂਪ ਲਗਾਉਂਦੇ ਹਨ। ਜਿਸਦਾ ਮੁੱਖ ਉਦੇਸ਼ ਭਾਰਤੀ ਫੌਜਾਂ ਨੂੰ ਨੇੜਿਓਂ ਜਾਣਨਾ ਹੈ। ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਭਾਰਤੀ ਯੁਵਾ ਕੈਡਿਟਾਂ ਲਈ ਇਸ ਕੈਂਪ ਦਾ ਆਯੋਜਨ ਕਰਦੇ ਹਨ। ਇਸਦਾ ਦੂਜਾ ਉਦੇਸ਼ ਕੈਡਿਟਾਂ ਨੂੰ ਕਮਿਸ਼ਨ ਅਤੇ ਅਗਨੀਵੀਰ ਭਰਤੀ ਪ੍ਰਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਦੇਣਾ ਹੈ। ਆਰਮੀ ਅਟੈਚਮੈਂਟ ਵਾਲੇ ਕੈਂਪ ਕੈਡਿਟਾਂ ਵਿੱਚ ਦੇਸ਼ ਭਗਤੀ, ਨਿਰਸਵਾਰਥ ਸੇਵਾ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ। ਹਥਿਆਰਬੰਦ ਬਲਾਂ ਨਾਲ ਕੈਂਪਿੰਗ ਕਰਨ ਲਈ ਕੈਡਿਟਾਂ ਨੂੰ ਐਨਸੀਸੀ ਪ੍ਰੀਖਿਆਵਾਂ ਵਿੱਚ ਬੋਨਸ ਅੰਕ ਦਿੱਤੇ ਜਾਂਦੇ ਹਨ। ਇਹ ਕੈਂਪ ਕੈਪਟਨ ਅਰਨੀਸ਼ ਸਹਿਗਲ ਅਤੇ ਸਿੱਖ ਲਾਈਟ ਇਨਫੈਂਟਰੀ ਦੇ ਜੂਨੀਅਰ ਕਮਿਸ਼ਨਡ ਅਫਸਰਾਂ ਦੁਆਰਾ ਚਲਾਇਆ ਜਾ ਰਿਹਾ ਹੈ। ਵੱਖ ਵੱਖ ਕਾਲਜਾਂ ਦੇ ਐਸੋਸੀਏਟ ਐਨਸੀਸੀ ਅਫਸਰ ਅਤੇ ਐੱਨਸੀਸੀ ਬਟਾਲੀਅਨਾਂ ਦੇ ਮਿਲਟਰੀ ਇੰਸਟ੍ਰਕਟਰ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਨਾਇਬ ਸੂਬੇਦਾਰ ਕੁਲਦੀਪ ਸਿੰਘ ਅਤੇ ਸੀਐਚਐਮ ਗੁਰਵਿੰਦਰ ਸਿੰਘ ਨੂੰ ਨਿਗਰਾਨੀ ਅਤੇ ਅਨੁਸ਼ਾਸਨ ਲਈ 2 ਪੰਜਾਬ ਐਨਸੀਸੀ ਬਟਾਲੀਅਨ ਨਾਲ ਤਾਇਨਾਤ ਕੀਤਾ ਗਿਆ ਹੈ।