ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿੱਚ ਅਸਤਰ-ਮੁਕਤ ਖੇਤਰ ਅਤੇ ਈ-ਸ਼੍ਰਮ ਨਾਮ ਦੀਆਂ ਦੋ ਹੋਰ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ
ਗੁਰਦਾਸਪੁਰ, 16 ਜਨਵਰੀ ( ) - ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿੱਚ ਅਸਤਰ-ਮੁਕਤ ਖੇਤਰ ਅਤੇ ਈ-ਸ਼੍ਰਮ ਨਾਮ ਦੀਆਂ ਦੋ ਹੋਰ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕੁਝ ਖੇਤਰ (ਜਿਨ੍ਹਾਂ ਵਿੱਚ ਪੂਜਾ ਸਥਾਨ, ਮੈਰਿਜ ਪੈਲੇਸ, ਹੋਟਲ, ਗੈੱਸਟ ਹਾਊਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਆਦਿ ਸ਼ਾਮਲ ਹਨ) ਨਿਰਧਾਰਿਤ ਕੀਤੇ ਗਏ ਹਨ, ਜਿੱਥੇ ਕੋਈ ਵੀ ਅਸਲਾਧਾਰਕ ਵਿਅਕਤੀ ਆਪਣਾ ਅਸਲਾ ਨਹੀਂ ਲਿਜਾ ਸਕਦਾ ਅਤੇ ਨਾ ਹੀ ਓਥੇ ਅਸਲੇ ਦੀ ਵਰਤੋਂ ਕਰ ਸਕਦਾ ਹੈ। ਉਪਰੋਕਤ ਥਾਵਾਂ ਦੇ ਪ੍ਰਬੰਧਕਾਂ ਨੂੰ ਅਸਲਾਧਾਰਕ ਮੁਕਤ ਖੇਤਰਾਂ ਲਈ ਇਹ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ ਅਤੇ ਇਹ ਸਰਟੀਫਿਕੇਟ ਹੁਣ ਸੇਵਾ ਕੇਂਦਰ ਵਿੱਚ ਅਸਤਰ-ਮੁਕਤ ਖੇਤਰ ਨਾਮ ਦੀ ਸੇਵਾ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਅੱਗੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਦੂਜੀ ਨਵੀਂ ਸੇਵਾ ਈ-ਸ਼੍ਰਮ ਨਾਮ ਵਾਲੀ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਵਿਅਕਤੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ। ਇਸ ਸਰਵਿਸ ਨੂੰ ਕੋਈ ਵੀ ਵਿਅਕਤੀ ਅਪਲਾਈ ਕਰਵਾ ਸਕਦਾ ਹੈ, ਪਰ ਇਸ ਸਰਵਿਸ ਲਈ ਬਿਨੈਕਾਰ ਦਾ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਜਾਂ ਗੈਰ ਸਰਕਾਰੀ ਫ਼ੰਡ ਨਾ ਕੱਟਦਾ ਹੋਏ। ਉਨ੍ਹਾਂ ਕਿਹਾ ਕਿ ਇਹ ਦੋਵੇਂ ਨਵੀਆਂ ਸੇਵਾਵਾਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਸ਼ੁਰੂ ਹੋ ਗਈਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਇਨ੍ਹਾਂ ਦਾ ਲਾਭ ਉਠਾ ਸਕਦੇ ਹਨ।