ਡੀ.ਆਈ.ਜੀ, ਡੀ.ਸੀ, ਤੇ ਐੱਸ.ਐੱਸ.ਪੀ ਵੱਲੋਂ ਨਹਿਰੂ ਸਟੇਡੀਅਮ ਦਾ ਦੌਰਾ
ਫਰੀਦਕੋਟ 16 ਜਨਵਰੀ 2025() 26 ਜਨਵਰੀ ਨੂੰ ਗਣਤੰਤਰਤਾ ਦਿਵਸ ਤੇ ਨਹਿਰੂ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦੇਣਗੇ। ਇਸ ਸੰਬੰਧ ਵਿੱਚ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਆਈ.ਜੀ ਫਰੀਦਕੋਟ ਰੇਂਜ਼ ਸ਼੍ਰੀ ਅਸ਼ਵਨੀ ਕਪੂਰ ,ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ,ਐੱਸ.ਐੱਸ.ਪੀ ਡਾ. ਪ੍ਰਗਿਆ ਜੈਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਹਿਰੂ ਸਟੇਡੀਅਮ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ 25 ਜਨਵਰੀ ਨੂੰ ਦੁਪਿਹਰ ਬਾਅਦ ਫਰੀਦਕੋਟ ਪਹੁੰਚਣਗੇ ਅਤੇ ਉਸ ਦਿਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਕੁਝ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਵੀ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਸੁਚੱਝੇ ਢੰਗ ਨਾਲ ਨੇਪੜੇ ਚਾੜਨ ਲਈ ਪੂਰੀ ਮਿਹਨਤ ਤੇ ਤਨਦੇਹੀ ਨਾਲ ਕੰਮ ਕਰਨ।
ਐੱਸ.ਐੱਸ.ਪੀ ਡਾ.ਪ੍ਰਗਿਆ ਜੈਨ ਨੇ ਸੁਰੱਖਿਆ ਪ੍ਰਬੰਧਾਂ ਅਤੇ ਰੂਟ ਪਲਾਨ ਆਦਿ ਬਾਰੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਵਾਲੇ ਦਿਨ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ 26 ਜਨਵਰੀ ਤੱਕ ਕਿਸੇ ਵਿਅਕਤੀ ਨੂੰ ਡਰਾਨ ਉਡਾਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਨਰਭਿੰਦਰ ਸਿੰਘ ਗਰੇਵਾਲ, ਐੱਸ.ਡੀ.ਐੱਸ ਫਰੀਦਕੋਟ ਮੇਜ਼ਰ ਵਰੁਣ ਕੁਮਾਰ, ਜੀ.ਏ ਤੁਸ਼ਿਤਾ ਗੁਲਾਟੀ, ਜ਼ਿਲ੍ਹਾ ਖੇਡ ਅਫ਼ਸਰ ਬਰਜਿੰਦਰ ਸਿੰਘ, ਡੀ.ਈ.ਓ ਐਲੀਮੈਂਟਰੀ ਪਵਨ ਕੁਮਾਰ, ਡਿਪਟੀ ਡੀ.ਈ.ਓ ਪ੍ਰਦੀਪ ਦਿਉੜਾ , ਐਕਸੀਅਨ ਪੀ.ਡਬਯੂ. ਡੀ ਨਵੀਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।