ਯੂ. ਡੀ. ਆਈ. ਡੀ ਕਾਰਡ ਬਣਾਉਣ ਵਿੱਚ ਜ਼ਿਲ੍ਹਾ ਬਰਨਾਲਾ ਪੰਜਾਬ ਭਰ ਵਿੱਚੋਂ ਮੋਹਰੀ
ਬਰਨਾਲਾ, 16 ਜਨਵਰੀ
ਸਿਹਤ ਵਿਭਾਗ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈ ਏ ਐਸ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਦਿਵਿਆਂਗਜਨ ਨੂੰ ਸੇਵਾਵਾਂ ਦਿੰਦੇ ਹੋਏ ਨਵੰਬਰ ਤੇ ਦਸੰਬਰ 2024 ਦੌਰਾਨ 65 ਫੀਸਦੀ ਤੋਂ ਵੱਧ ਦਿਵਿਆਂਗਜਨ ਨੂੰ ਯੂ.ਡੀ.ਆਈ.ਡੀ ਕਾਰਡ ( ਯੂਨੀਕ ਡੀਸੇਬਿਲਟੀ ਆਡੇਂਟੀਫਿਕੇਸ਼ਨ ਕਾਰਡ) ਬਣਾਉਣ ਵਿੱਚ ਪੰਜਾਬ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਗਿਆ ਹੈ।
ਇਸ ਪ੍ਰਾਪਤੀ ਲਈ ਸੰਸਦ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਿਹਤ ਵਿਭਾਗ ਦੀ ਸ਼ਲਾਘਾ ਕੀਤੀ ਗਈ ਅਤੇ ਇਹ ਸੇਵਾਵਾਂ ਨਿਭਾਉਣ ਵਾਲੇ ਕਸ਼ਮੀਰ ਸਿੰਘ ਸਟੈਨੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਲੋਕਾਂ ਨੂੰ ਲਾਭ ਦੇਣ ਲਈ ਬਣਾਏ ਜਾਂਦੇ ਸਰਟੀਫਿਕੇਟ (ਯੂ. ਡੀ. ਆਈ. ਡੀ ) ਜਾਰੀ ਕਰਨ ਦਾ ਕੰਮ ਆਨਲਾਇਨ ਹੋ ਗਿਆ ਹੈ, ਇਸ ਲਈ ਇਹ ਸੇਵਾਵਾਂ ਲੈਣ ਲਈ ਆਉਣ ਵਾਲੇ ਦਿਵਿਆਂਗਜਨ ਦੀ ਤਕਲੀਫ ਸਮਝਦੇ ਹੋਏ ਉਨ੍ਹਾਂ ਨੂੰ ਉੱਤਮ ਸੇਵਾਵਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕਸ਼ਮੀਰ ਸਿੰਘ ਸਟੈਨੋ ਖੁਦ ਦਿਵਿਆਂਗ ਹੋਣ ਦੇ ਬਾਵਜੂਦ ਸਰਟੀਫਿਕੇਟ ਦੀਆਂ ਸੇਵਾਵਾਂ ਬੜੀ ਮਿਹਨਤ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰਦੇ ਹਨ। ਇਸ ਬਦੌਲਤ ਸਿਹਤ ਵਿਭਾਗ ਬਰਨਾਲਾ ਨੇ ਕਾਰਡ ਬਣਾਉਣ ਦੀਆਂ ਸੇਵਾਵਾਂ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਡਾ. ਸੰਧੂ ਨੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵਲੋਂ ਦਿਵਿਆਂਗ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਦੇਣ ਲਈ ਤੇਜ਼ੀ ਨਾਲ ਆਨਲਾਇਨ ਪੈੰਡਿਗ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।