ਦਿਵਿਆਂਗ ਵਿਅਕਤੀ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਸਹਾਈ ਹੁੰਦੇ ਹਨ ਸਹਾਇਕ ਉਪਕਰਨ-ਡਿਪਟੀ ਕਮਿਸ਼ਨਰ
ਮਾਨਸਾ, 28 ਨਵੰਬਰ :
ਸਹਾਇਕ ਉਪਕਰਨ ਦਿਵਿਆਂਗ ਵਿਅਕਤੀਆਂ ਦੀ ਗਤੀਸ਼ੀਲਤਾ, ਸੰਚਾਰ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਗਤੀਵਿਧੀਆਂ ਵਿੱਚ ਸਹਾਈ ਹੁੰਦੇ ਹਨ ਅਤੇ ਇਨ੍ਹਾਂ ਉਪਕਰਨਾਂ ਦੀ ਸਹਾਇਤਾ ਨਾਲ ਦਿਵਿਆਂਗ ਵਿਅਕਤੀ ਕਿਸੇ ਦੇ ਸਹਾਰੇ ਤੋਂ ਬਿਨ੍ਹਾਂ ਆਪਣੇ ਰੋਜ਼ਾਨਾ ਦੇ ਕੰਮ-ਕਾਰ ਕਰਨ ਦੇ ਸਮਰੱਥ ਬਣਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਬੁਢਲਾਡਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਦੀ ਵੰਡ ਸਬੰਧੀ ਬੁਢਲਾਡਾ ਦੇ ਨੇਕੀ ਆਸ਼ਰਮ ਵਿਖੇ ਆਯੋਜਿਤ ਕੀਤੇ ਸਮਾਰੋਹ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਦੌਰਾਨ ਲਗਾਏ ਗਏ ਅਸੈਸਮੈਂਟ ਕੈਂਪਾਂ ਉਪਰੰਤ ਅੱਜ ਅਲੀਮਕੋ ਮੋਹਾਲੀ ਵੱਲੋਂ ਇਹ ਉਪਕਰਨ ਮੁਹੱਈਆ ਕਰਵਾਏ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਦਿਵਿਆਂਜਨ ਆਪਣਾ ਦਾਇਰਾ ਵਧਾ ਸਕਣਗੇ ਅਤੇ ਇੱਕ ਥਾਂ ਤੋਂ ਦੂਜੀ ਥਾਂ ਆਉਣ-ਜਾਣ ਵਿੱਚ ਉਨ੍ਹਾਂ ਨੂੰ ਕਾਫ਼ੀ ਆਸਾਨੀ ਰਹੇਗੀ। ਉਨ੍ਹਾਂ ਅਪੀਲ ਕੀਤੀ ਕਿ ਜੋ ਲੋੜਵੰਦ ਵਿਅਕਤੀ ਇਨ੍ਹਾਂ ਸਹਾਇਕ ਉਪਕਰਨਾਂ ਤੋਂ ਵਾਂਝੇ ਰਹਿ ਗਏ ਹਨ, ਉਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਲਗਾਤਾਰ ਤਿੰਨ ਕੈਂਪ ਲਗਾ ਕੇ ਕੁੱਲ 359 ਲਾਭਪਾਤਰੀਆਂ ਨੂੰ ਕਰੀਬ 65 ਲੱਖ ਰੁਪਏ ਦੀ ਰਾਸ਼ੀ ਨਾਲ 1 ਹਜ਼ਾਰ ਤੋਂ ਵੀ ਵਧੇਰੇ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਸਰਦੂਲਗੜ੍ਹ ਸਬ ਡਵੀਜ਼ਨ ਦੇ 136, ਮਾਨਸਾ ਦੇ 135 ਅਤੇ ਬੁਢਲਾਡਾ ਸਬ-ਡਵੀਜ਼ਨ ਦੇ 88 ਲਾਭਪਾਤਰੀ ਸ਼ਾਮਿਲ ਹਨ। ਉਨ੍ਹਾਂ ਇਸ ਕਾਰਜ ਲਈ ਅਲੀਮਕੋ ਮੋਹਾਲੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਨੇਕੀ ਫਾਊਂਡੇਸ਼ਨ ਦੀ ਕਾਫ਼ੀ ਸ਼ਲਾਘਾ ਕੀਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਵੜਿੰਗ ਨੇ ਦੱਸਿਆ ਕਿ ਅੱਜ ਬੁਢਲਾਡਾ ਵਿਖੇ ਲਗਾਏ ਕੈਂਪ ਦੌਰਾਨ ਕੁੱਲ 88 ਲਾਭਪਾਤਰੀਆਂ ਨੂੰ 25 ਮੋਟਰਾਈਜ਼ਡ ਟਰਾਈਸਾਈਕਲ, 12 ਟਰਾਈ ਸਾਈਕਲ, 50 ਕੰਨਾਂ ਦੀਆਂ ਮਸ਼ੀਨਾਂ, 15 ਕਲੀਪਰ ਤੋਂ ਇਲਾਵਾ ਪੋਲਿਓ ਕੈਲਿਪਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਏ.ਡੀ.ਐਲ ਕਿੱਟ (ਲੈਪਰੇਸੀ) ਤੋਂ ਇਲਾਵਾ ਹੋਰ ਵੀ ਸਹਾਇਕ ਉਪਕਰਨ ਦਿੱਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ, ਅਲਿਮਕੋ ਮੋਹਾਲੀ ਵੱਲੋਂ ਪੀ.ਐਂਡ.ਓ. ਅਫ਼ਸਰ ਸ਼੍ਰੀ ਅਸ਼ੋਕ ਸਾਹੂ, ਜੂਨੀਅਰ ਮੈਨੇਜਰ ਮਾਰਕਿਟਿੰਗ ਮਿਸ ਕਨਿਕਾ ਮਹਿਤਾ, ਨੇਕੀ ਫਾਊਂਡੇਸ਼ਨ ਦੀ ਸਮੂਹ ਟੀਮ ਅਤੇ ਬੁਢਲਾਡਾ ਦੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।