ਆਨਲਾਈਨ ਵੈਬੀਨਾਰ ਰਾਹੀਂ ਨੌਜਵਾਨਾਂ ਨੂੰ ਭਾਰਤੀ ਹਵਾਈ ਸੈਨਾ ਬਾਰੇ ਦਿੱਤੀ ਗਈ ਜਾਣਕਾਰੀ
ਮੋਗਾ, 29 ਨਵੰਬਰ,
ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੌਜਵਾਨਾਂ ਨੂੰ ਰੋਜਗਾਰ ਸਬੰਧੀ ਜਾਣਕਾਰੀ ਦੇਣ ਲਈ ਆਨਲਾਈਨ ਵੈਬੀਨਾਰ ਕਰਵਾਏ ਜਾਂਦੇ ਹਨ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਵਿੱਚ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਏਅਰਮੈਨ ਸਲੈਕਸ਼ਨ ਸੈਂਟਰ, ਅੰਬਾਲਾ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਭਰਤੀ ਬਾਰੇ ਦੱਸਿਆ ਗਿਆ। ਇਸ ਵੈਬੀਨਾਰ ਵਿੱਚ ਜ਼ਿਲ੍ਹਾ ਮੋਗਾ ਦੇ 50 ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰਵਾਯੂ ਅਤੇ ਹਵਾਈ ਸੈਨਾ ਦੀਆਂ ਹੋਰ ਪੋਸਟਾਂ ਤੇ ਭਰਤੀ ਹੋਣ ਲਈ ਵਿੱਦਿਅਕ ਯੋਗਤਾ, ਸਰੀਰਕ ਮਾਪਦੰਡ ਅਤੇ ਲਿਖਤੀ ਇਮਤਿਹਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ ਸਮੇਂ-ਸਮੇਂ ਤੇ ਆਰਮੀ ਭਰਤੀਆਂ ਬਾਰੇ ਆਨਲਾਈਨ ਅਤੇ ਆਫਲਾਈਨ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਨੌਜਵਾਨ ਇਹਨਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਸਕਣ । ਇਸ ਤੋਂ ਇਲਾਵਾ ਆਰਮੀ ਅਤੇ ਪੁਲਿਸ ਭਰਤੀ ਲਈ ਵਿਭਾਗ ਦਾ ਸੀ-ਪਾਈਟ ਸੈਂਟਰ ਜੋ ਕਿ ਹਕੂਮਤ ਸਿੰਘ ਵਾਲਾ, ਜਿਲ੍ਹਾ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ, ਵਿੱਚ ਲਿਖਤੀ ਅਤੇ ਸਰੀਰਿਕ ਟਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ । ਫੌਜ ਦੀ ਟੀ.ਏ ਭਰਤੀ ਵਿੱਚੋਂ ਫਿੱਟ ਹੋਏ ਨੌਜਵਾਨਾਂ ਨੂੰ ਦੱਸਿਆ ਕਿ ਸੈਂਟਰ ਵਿੱਚ ਲਿਖਤੀ ਪੇਪਰ ਦੀ ਤਿਆਰੀ ਦਿਨ ਸੋਮਵਾਰ ਮਿਤੀ 02-12-2024 ਤੋਂ ਸ਼ੁਰੂ ਹੋ ਰਹੀ ਹੈ। ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਲੈ ਕੇ ਸੀ-ਪਾਈਟ ਸੈਂਟਰ ਵਿਖੇ ਪਹੁੰਚਣ ।