ਡੀ.ਸੀ ਵੱਲੋਂ ਗੁਰੂ ਨਾਨਕ ਸਟੇਡੀਅਮ ਵਿੱਚ ਖਿਡਾਰੀਆਂ ਲਈ ਜਿਮ ਦੀ ਕਾਇਆਕਲਪ ਕਰਨ ਦਾ ਐਲਾਨ
ਲੁਧਿਆਣਾ, 12 ਦਸੰਬਰ (000) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਖਿਡਾਰੀਆਂ ਲਈ ਜਿੰਮ ਦੀ ਕਾਇਆਕਲਪ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਜਿਸ ਦਾ ਉਦੇਸ਼ ਖਿਡਾਰੀਆਂ ਦੇ ਫਿਟਨੈਸ ਪੱਧਰ ਨੂੰ ਵਧਾਉਣ ਲਈ ਅਤਿ-ਆਧੁਨਿਕ ਮਸ਼ੀਨਾਂ ਅਤੇ ਉਪਕਰਣ ਸਥਾਪਤ ਕਰਨਾ ਹੈ।
ਜਿੰਮ ਦੇ ਦੌਰੇ ਦੌਰਾਨ ਸ੍ਰੀ ਜਤਿੰਦਰ ਜੋਰਵਾਲ ਇੱਕ ਫਿਟਨੈਸ ਉਤਸ਼ਾਹੀ ਨੇ ਖਿਡਾਰੀਆਂ ਦੀ ਸਿਖਲਾਈ ਲਈ ਵਰਤਮਾਨ ਵਿੱਚ ਵਰਤੇ ਜਾ ਰਹੇ ਪੁਰਾਣੇ ਉਪਕਰਣਾਂ 'ਤੇ ਹੈਰਾਨੀ ਪ੍ਰਗਟ ਕੀਤੀ।
ਮੁੱਖ ਮੰਤਰੀ ਦੇ ਫੀਲਡ ਅਫਸਰ ਮੈਡਮ ਕ੍ਰਿਤਿਕਾ ਗੋਇਲ ਦੇ ਨਾਲ ਡਿਪਟੀ ਕਮਿਸ਼ਨਰ ਨੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਬਿਹਤਰ ਸਹੂਲਤਾਂ ਨੌਜਵਾਨ ਪੀੜ੍ਹੀਆਂ ਨੂੰ ਖੇਡਾਂ ਨੂੰ ਕੈਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਗੀਆਂ। ਸ੍ਰੀ ਜਤਿੰਦਰ ਜੋਰਵਾਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਖਿਡਾਰੀਆਂ ਦੀ ਭਲਾਈ ਲਈ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਸਮਰੱਥਾ ਵਾਲੇ ਐਥਲੀਟਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅਧਿਕਾਰੀਆਂ ਨੂੰ ਕੁਝ ਦਿਨਾਂ ਦੇ ਅੰਦਰ ਨਵੀਨੀਕਰਨ ਅਤੇ ਨਵੀਨਤਮ ਉਪਕਰਣਾਂ ਦੀ ਪ੍ਰਾਪਤੀ ਲਈ ਤਜਵੀਜ਼ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਕੁਲਦੀਪ ਚੁੱਘ ਨੇ ਕਿਹਾ ਕਿ ਜਿੰਮ ਦਾ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਹੀਂ ਹੋਇਆ ਅਤੇ ਆਧੁਨਿਕ ਸਾਜ਼ੋ-ਸਾਮਾਨ ਨਾਲ ਅੱਪਗ੍ਰੇਡ ਕੀਤੀ ਗਈ ਸਹੂਲਤ ਨਾਲ ਬਾਸਕਟਬਾਲ, ਜੂਡੋ, ਅਥਲੈਟਿਕਸ, ਫੁੱਟਬਾਲ, ਹਾਕੀ, ਕੁਸ਼ਤੀ ਆਦਿ ਸਮੇਤ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੂੰ ਫਾਇਦਾ ਹੋਵੇਗਾ।