ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪਿੰਡ ਝੁੱਗੇ ਗੁਲਾਬ ਵਿਖੇ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ
ਫਾਜ਼ਿਲਕਾ 27 ਜੁਲਾਈ 2024…..
ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਅਤੇ ਐਸ ਐਮ ਓ ਡਾ. ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਬਹਿਕ ਖਾਸ ਦੇ ਅਧੀਨ ਆਉਂਦੇ ਪਿੰਡ ਝੁੱਗੇ ਗੁਲਾਬ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।
ਐਸ ਆਈ ਕੰਵਲਜੀਤ ਸਿੰਘ ਬਰਾੜ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ। ਉਨ੍ਹਾਂ ਕਿਹਾ ਕਿ ਮੱਛਰ ਖੜੇ ਸਾਫ ਪਾਣੀ ਵਿੱਚ, ਫਰਿੱਜ਼ ਦੀ ਟਰੇਅ, ਕੂਲਰ, ਪਾਣੀ ਦੀ ਟੈਂਕੀਆਂ, ਗਮਲਿਆਂ ਵਿੱਚ ਖੜ੍ਹੇ ਪਾਣੀ ਤੇ ਪੰਛੀਆਂ ਦੇ ਪੋਟ ਵਿਚ ਪੈਦਾ ਹੁੰਦਾ ਹੈ। ਉਨ੍ਹਾ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਇਹ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਡੇਂਗੂ ਬੁਖਾਰ ਦੇ ਲਛੱਣ ਤੇਜ਼ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪਲੇਟਲੈੱਟ ਸੈੱਲ ਘੱਟ ਜਾਣਾ, ਕਮਜ਼ੋਰੀ, ਮਾਸਪੇਸ਼ੀਆਂ ਵਿਚ ਦਰਦ , ਚਮੜੀ ਉਪਰ ਲਾਲ ਰੰਗ ਦੇ ਦਾਣੇ, ਹਾਲਤ ਖ਼ਰਾਬ ਹੋਣ ਦੀ ਸੂਰਤ ਵਿੱਚ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਹਨ। ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰ ਜਾਲੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਰਦ ਰੋਕਣ ਲਈ ਬਰੂਫੇਨ ਅਤੇ ਐਸਪਰਿਨ ਦੀ ਗੋਲੀ ਨਹੀਂ ਲੈਣੀ ਚਾਹੀਦੀ।
ਸਿਹਤ ਕਰਮਚਾਰੀ ਬਨਵਾਰੀ ਲਾਲ ਨੇ ਦੱਸਿਆ ਕਿ ਫਰਿੱਜ਼ ਦੀ ਟਰੇਅ, ਕੂਲਰ ਪਾਣੀ ਦੀਆਂ ਟੈਂਕੀਆਂ ਨੂੰ ਹਰ ਹਫ਼ਤੇ ਸਾਫ ਕਰਨਾ ਚਾਹੀਦਾ ਹੈ ਅਤੇ ਧੁੱਪ ਲਗਵਾ ਕੇ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ,ਖੜੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਸੌਣ ਸਮੇਂ ਮੱਛਰ ਜਾਲੀ ਦੀ ਵਰਤੋਂ ਕੀਤੀ ਜਾਵੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਸੀ.ਐਚ.ਓ ਅੰਜੂ ਬਾਲਾ, ਆਸ਼ਾ ਵਰਕਰ ਪ੍ਰਕਾਸ਼ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ।