ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਵੱਲੋਂ ਨਾਬਾਰਡ ਦੀ ਸਹਾਇਤਾ ਨਾਲ ਲਸਣ ਦੀ ਕਾਸ਼ਤ ਸੰਬੰਧੀ ਸਿਖਲਾਈ ਕੈਂਪ ਆਯੋਜਿਤ
ਮੋਗਾ 14 ਜਨਵਰੀ,
ਪੰਜਾਬ ਅੇਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਨਾਬਾਰਡ ਵਿਭਾਗ ਦੀ ਵਿੱਤੀ ਮਦਦ ਨਾਲ ਲਸਣ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸੰਬੰਧੀ ਚਲਾਏ ਜਾ ਰਹੇ ਪ੍ਰੋਜੈਕਟ ਅਧੀਨ ਪਿੰਡ ਮੇਲਕ ਕੰਗ ਵਿੱਖੇ ਲਸਣ ਦੀ ਕਾਸ਼ਤ, ਸਾਂਭ-ਸੰਭਾਲ, ਭੰਡਾਰਨ ਅਤੇ ਪ੍ਰੋਸੈਸਿੰਗ ਸੰਬੰਧੀ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਨਾਬਾਰਡ ਏ.ਜੀ.ਐਮ ਮੈਡਮ ਸਵਿਤਾ ਸਿੰਘ ਅਤੇ ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਚਿਰੰਨਜੀਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਅੇਸੋਸੀਏਟ ਡਾਇਰੈਕਟਰ ਟ੍ਰੇਨਿੰਗ ਕੇ. ਵੀ. ਕੇ ਬੁੱਧ ਸਿੰਘ ਵਾਲਾ ਮੋਗਾ, ਡਾ. ਅਮਨਦੀਪ ਸਿੰਘ ਬਰਾੜ, ਸਹਾਇਕ ਪ੍ਰੋਫੈਸਰ ਪ੍ਰੋਸੈਸਿੰਗ ਅਤੇ ਫੁਡ ਇੰਜੀਨੀਅਰਿੰਗ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਸਬਜੀਆਂ) ਡਾ. ਪ੍ਰੇਰਨਾ ਠਾਕੁਰ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪ੍ਰਭਜੋਤ ਕੌਰ ਸ਼ਾਮਿਲ ਹੋਏ।
ਡਾ. ਪ੍ਰੇਰਨਾ ਠਾਕੁਰ ਨੇ ਲਸਣ ਦੀ ਕਾਸ਼ਤ ਸੰਬੰਧੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ। ਡਾ. ਰਮਨਦੀਪ ਕੌਰ ਨੇ ਆਪਣੇ ਲੈਕਚਰ ਦੌਰਾਨ ਲਸਣ ਦੀ ਪੁਟਾਈ ਪਿੱਛੋਂ ਸਾਂਭ-ਸੰਭਾਲ, ਭੰਡਾਰਨ ਅਤੇ ਪ੍ਰੋਸੈਸਿੰਗ ਦੀਆਂ ਤਕਨੀਕਾਂ ਬਾਰੇ ਦੱਸਿਆ ਕਿ ਕਿਵੇਂ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਅਤੇ ਮੰਡੀਕਰਨ ਨਾਲ ਜੁੜਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਡਾ. ਪ੍ਰਭਜੋਤ ਕੌਰ ਨੇ ਪਸ਼ੂਆਂ ਲਈ ਘਰੇਲੂ ਫੀਡ ਤਿਆਰ ਕਰਨ ਅਤੇ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਸ਼੍ਰੀਮਤੀ ਸਵੀਤਾ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਪ੍ਰੋਸੈਸਿੰਗ ਖੇਤਰ ਵਿੱਚ ਇਜਾਫੇ ਲਈ ਚਲਾਈ ਜਾ ਰਹੀ ਐਗਰੀਕਲਚਰਲ ਇੰਫਰਾਸਟਰੱਕਚਰ ਸਕੀਮ ਬਾਰੇ ਜਾਣੂੰ ਕਰਵਾਇਆ ਅਤੇ ਇਸਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ। ਸ਼੍ਰੀ ਚਿਰੰਨਜੀਵ ਸਿੰਘ ਨੇ ਬੈਂਕ ਦੁਆਰਾ ਦਿੱਤੀ ਜਾਂਦੀ ਸਹੂਲਤਾਂ ਬਾਬਤ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਅਮਨਦੀਪ ਸਿੰਘ ਬਰਾੜ ਵੱਲੋਂ ਕਿਸਾਨਾਂ ਨਾਲ ਫਸਲਾਂ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਬੀਜ ਦੀ ਸਾਂਭ-ਸੰਭਾਲ ਦੇ ਨੁਕਤੇ ਸਾਂਝੇ ਕੀਤੇ।ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਲਈ ਕਿਹਾ।
ਇਸ ਕੈਂਪ ਦੌਰਾਨ ਲਗਾਏ ਗਏ ਪ੍ਰਦਰਸ਼ਨੀ ਪਲਾਟਾਂ ਦਾ ਖੇਤ ਦੌਰਾ ਵੀ ਕੀਤਾ ਗਿਆ। ਕਿਸਾਨਾਂ ਵੱਲੋਂ ਇਸ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਰਵਾਇਤੀ ਕਣਕ-ਝੋਨੇ ਤੋਂ ਹਟ ਕੇ ਕੰਮ ਕਰਨ ਵਾਲੇ ਕਿਸਾਨਾਂ ਲਈ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਕੈਂਪ ਲਗਾਉਣ ਲਈ ਕਿਹਾ ਗਿਆ।