ਨਾਜਾਇਜ਼ ਉਸਾਰੀਆਂ ਦਾ ਪਤਾ ਲਗਾਉਣ ਲਈ ਧਾਲੀਵਾਲ ਨੇ ਕਾਰਪੋਰੇਸ਼ਨ ਤੋਂ ਮੰਗੀ ਜਾਇਜ਼ ਉਸਾਰੀਆਂ ਦੀ ਸੂਚੀ
ਅੰਮ੍ਰਿਤਸਰ 2 ਦਸੰਬਰ 2024—
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਕੀਤੀ ਗਈ ਉੱਚ ਪਧਰੀ ਮੀਟਿੰਗ ਵਿੱਚ ਕਾਰਪੋਰੇਸ਼ਨ ਅੰਮ੍ਰਿਤਸਰ ਕੋਲੋਂ ਜਾਇਜ਼ ਹੋ ਰਹੀਆਂ ਉਸਾਰੀਆਂ ਦੀ ਸੂਚੀ ਮੰਗੀ ਹੈ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਪਾਸ ਹੋਈਆਂ ਉਸਾਰੀਆਂ ਦੀ ਸੂਚੀ ਦੇ ਨਾਲ ਮੈਂ ਨਜਾਇਜ਼ ਹੋ ਰਹੀਆਂ ਉਸਾਰੀਆਂ ਤੱਕ ਪਹੁੰਚ ਸਕਾਂਗਾ। ਉਹਨਾਂ ਕਿਹਾ ਕਿ ਸਾਨੂੰ ਨਾਜਾਇਜ਼ ਉਸਾਰੀਆਂ ਰੋਕਣ ਲਈ ਪਹਿਲਾਂ ਹਰਕਤ ਵਿੱਚ ਆਉਣ ਦੀ ਲੋੜ ਹੈ ਨਾ ਕਿ ਉਸਾਰੀ ਤੋਂ ਬਾਅਦ ਉਸ ਨੂੰ ਢਾਉਣ ਜਾਂ ਉਸ ਉੱਤੇ ਪਾਬੰਦੀਆਂ ਲਗਾਉਣ ਵਰਗੇ ਫੈਸਲੇ ਲੈਣ ਦੀ ਸਰਦਾਰ ਧਾਲੀਵਾਲ ਨੇ ਇਹ ਵੀ ਹਦਾਇਤ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਨੂੰ 150 ਕਰੋੜ ਰੁਪਈਆ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਸੀ ਅਤੇ ਅੰਮ੍ਰਿਤਸਰ ਵਿੱਚ ਇਹ ਦੱਸਿਆ ਜਾਵੇ ਕਿ ਇਹ ਪੈਸਾ ਕਿੱਥੇ ਅਤੇ ਕਿੰਨਾ ਲੱਗਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਾਰਪੋਰੇਸ਼ਨ ਕੋਲੋਂ ਹੁਣ ਤੱਕ ਜਾਰੀ ਕੀਤੇ ਗਏ ਟੈਂਡਰਾਂ ਅਤੇ ਕਰਵਾਏ ਜਾ ਰਹੇ ਕੰਮਾਂ ਦੀ ਸੂਚੀ ਦੀ ਮੰਗ ਵੀ ਕੀਤੀ। ਲੰਮੇ ਸਮੇਂ ਤੋਂ ਬੰਦ ਪਏ ਰੀਗੋ ਬ੍ਰਿਜ ਦੀ ਗੱਲ ਸੁਣਦਿਆਂ ਹੀ ਉਹਨਾਂ ਨੇ ਪੁਲ ਦੇ ਕੋਲ ਬਣ ਰਹੇ ਹੋਟਲ ਵੱਲੋਂ ਪਾਸ ਕਰਵਾਈ ਗਈ ਇਮਾਰਤ ਦਾ ਨਕਸ਼ਾ ਵੀ ਮੰਗਿਆ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਉਸਾਰੀ ਨਿਯਮਾਂ ਅਨੁਸਾਰ ਹੋ ਰਹੀ ਹੈ ਜਾਂ ਨਹੀਂ।
ਵਿਧਾਇਕ ਸ ਇੰਦਰਬੀਰ ਸਿੰਘ ਨਿੱਜਰ ਵੱਲੋਂ ਕਣਕ ਦੀ ਵੰਡ ਵੇਲੇ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਸੁਣਦੇ ਹੀ ਸ ਧਾਲੀਵਾਲ ਨੇ ਹਦਾਇਤ ਕੀਤੀ ਕਿ ਕੋਈ ਵੀ ਡੀਪੂ ਹੋਲਡਰ ਨਿਗਰਾਨ ਕਮੇਟੀ ਦੀ ਗੈਰ ਹਾਜ਼ਰੀ ਵਿੱਚ ਕਣਕ ਦੀ ਵੰਡ ਨਾ ਕਰੇ ਉਹਨਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਡੀਪੂ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਖੁੱਲਣਗੇ। ਸ: ਧਾਲੀਵਾਲ ਨੇ ਫਤਿਹਗੜ੍ਹ ਚੂੜੀਆਂ ਸੜਕ ਉੱਤੇ ਲੱਗਣ ਵਾਲੀਆਂ ਲਾਈਟਾਂ ਲਗਾਉਣ ਅਤੇ ਵੱਡਾ ਮੰਡੀ ਵਿੱਚੋਂ ਨਜਾਇਜ਼ ਫੜੀਆਂ ਚੁਕਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਦੋ ਦਿਨ ਦਾ ਸਮਾਂ ਦਿੰਦੇ ਹੋਏ ਇਹ ਕੰਮ ਪਹਿਲ ਦੇ ਅਧਾਰ ਉੱਤੇ ਕਰਨ ਲਈ ਕਿਹਾ। ਸ ਧਾਲੀਵਾਲ ਨੇ ਇਸ ਮੌਕੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਹਰੇਕ ਹਲਕੇ ਵਿੱਚ ਕਰਵਾਏ ਜਾ ਰਹੇ ਕੰਮਾਂ ਦੇ ਵੇਰਵੇ ਕਾਰਪੋਰੇਸ਼ਨ ਕਮਿਸ਼ਨਰ ਕੋਲੋਂ ਲਏ ਅਤੇ ਵਿਧਾਇਕ ਸਾਹਿਬਾਨ ਦੀ ਇਹਨਾਂ ਬਾਰੇ ਫੀਡਬੈਕ ਲਈ। ਮੀਟਿੰਗ ਵਿੱਚ ਸ਼ਹਿਰ ਦੀ ਸਫਾਈ ਸੀਵਰੇਜ ਪਾਰਕਾਂ ਦਾ ਰੱਖ ਰਖਾਓ ਸੜਕਾਂ ਨਜਾਇਜ਼ ਉਸਾਰੀਆਂ ਦੇ ਮੁੱਦੇ ਸ਼ਾਇਰ ਰਹੇ ਅਤੇ ਹਰੇਕ ਵਿਧਾਇਕ ਸਾਹਿਬਾਨ ਨੇ ਆਪੋ ਆਪਣੇ ਹਲਕੇ ਦੀ ਮੌਜੂਦਾ ਸਥਿਤੀ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਸ ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਸ਼੍ਰੀ ਅਜੇ ਗੁਪਤਾ, ਵਿਧਾਇਕ ਸ਼੍ਰੀ ਜਸਬੀਰ ਸਿੰਘ ਸੰਧੂ, ਚੇਅਰਮੈਨ ਜਸਪ੍ਰੀਤ ਸਿੰਘ, ਚੇਅਰਮੈਨ ਪ੍ਰਭਬੀਰ ਬਰਾੜ, ਚੇਅਰਮੈਨ ਸ਼੍ਰੀ ਅਸ਼ੋਕ ਤਲਵਾਰ, ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਨਗਰ ਨਿਗਮ ਸ: ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ, ਆਪ ਦੇ ਸ਼ਹਿਰੀ ਪ੍ਰਧਾਨ ਸ੍ਰੀ ਮੁਨੀਸ਼ ਅਗਰਵਾਲ, ਅਤੇ ਦਿਹਾਤੀ ਪ੍ਰਧਾਨ ਸ: ਬਲਜਿੰਦਰ ਸਿੰਘ ਥਾਂਦੇ, ਸ੍ਰੀ ਰਵਿੰਦਰ ਹੰਸ ਅਤੇ ਹੋਰ ਪਾਰਟੀ ਨੇਤਾ ਵੀ ਹਾਜ਼ਰ ਸਨ।