ਈਟੀਓ ਨੇ ਕਰਤਾਰਪੁਰ ਕੋਰੀਡੋਰ ਨੂੰ ਜੋੜਦੀ ਸੜ੍ਹਕ ਦੀ ਕੀਤੀ ਅਚਨਚੇਤ ਜਾਂਚ
ਅੰਮ੍ਰਿਤਸਰ 19 ਨਵੰਬਰ 2024---
ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਿਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨਾਲ ਜੁੜਦੀ ਨਵੀ ਬਣ ਰਹੀ ਸੜਕ ਦੇ ਕੰਮ ਦਾ ਅਚਨਚੇਤ ਨਰੀਖਣ ਕੀਤਾ। ਉਹਨਾਂ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਲੋਕਾਂ ਦੀਆਂ ਸਾਂਝੀਆਂ ਜਾਇਦਾਦਾਂ ਜਿਸ ਵਿੱਚ ਸੜਕਾਂ, ਪੁਲ, ਦਫਤਰ ਅਤੇ ਹੋਰ ਵੱਡੇ ਪ੍ਰੋਜੈਕਟ ਸ਼ਾਮਿਲ ਹਨ ਨੂੰ ਪੂਰਾ ਕਰਵਾਉਣ ਲਈ ਜਿੰਮੇਵਾਰ ਹੈ ਅਤੇ ਬਤੌਰ ਮੰਤਰੀ ਮੇਰੀ ਪਹਿਲੀ ਤਰਜੀਹ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਗੁਣਵੱਤਾ ਬਣਾਈ ਰੱਖਣ ਦੀ ਹੈ ਜਿਸ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਸੜਕਾਂ ਅਤੇ ਇਮਾਰਤਾਂ ਦੀ ਉਸਾਰੀ ਦੇ ਮਾਮਲੇ ਵਿੱਚ ਕੋਈ ਸਮਝੌਤਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸਣ ਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਬਣਾਈ ਜਾ ਰਹੀ ਇਹ ਸੜਕ 19.68 ਕਿਲੋਮੀਟਰ ਲੰਬੀ ਹੈ ਅਤੇ 23.50 ਕਰੋੜ ਦੀ ਲਾਗਤ ਨਾਲ ਇਸਨੂੰ 18 ਫੁੱਟ ਤੋਂ 33 ਫੁੱਟ ਤੱਕ ਚੌੜਾ ਅਤੇ ਮਜਬੂਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਮਹੱਤਤਾ ਨੂੰ ਸਮਝਦੇ ਹੋਏ ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਇਹ ਪ੍ਰਾਜੈਕਟ ਜਲਦੀ ਅਤੇ ਸਹੀ ਢੰਗ ਨਾਲ ਪੂਰਾ ਹੋਵੇਗਾ। ਸ ਹਰਭਜਨ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ /ਕਰਮਚਾਰੀਆਂ ਖਿਲਾਫ਼ ਵੀ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।