ਡੀ ਏ ਪੀ ਖਾਦ ਦੀ ਬਜਾਏ ਟੀ ਐਸ ਪੀ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਪਿੰਡ ਬੇਗੇਵਾਲ ਦਾ ਕਿਸਾਨ-
ਅੰਮ੍ਰਿਤਸਰ 9 ਨਵੰਬਰ 2024-'
ਬਲਾਕ ਖੇਤੀਬਾੜੀ ਦਫਤਰ ਮਜੀਠਾ ਅਧੀਨ ਆਉੰਦੇ ਪਿੰਡ ਬੇਗੇਵਾਲ ਦੇ ਕਿਸਾਨ ਖੇਤੀਬਾੜੀ ਦਫਤਰ ਮਜੀਠਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਣਕ ਦੀ ਫ਼ਸਲ ਵਿੱਚ ਬਿਜਾਈ ਸਮੇਂ ਫਾਸਫੋਰਸ ਦੀ ਪੂਰਤੀ ਲਈ ਵੱਡੀ ਮਾਤਰਾ ਵਿੱਚ ਟੀ ਐਸ ਪੀ ( 0:46:0) ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਡੀ ਏ ਪੀ ਖਾਦ ਦੀ ਕਿੱਲਤ ਸਮੇਂ ਕਣਕ ਦੀ ਬਿਜਾਈ ਦੀ ਦੇਰੀ ਤੋਂ ਬਚ ਰਹੇ ਹਨ ਅਤੇ ਘੱਟ ਪੈਸਿਆਂ ਵਿੱਚ ਵਧੀਆ ਵਰਤੋਂ ਕਰ ਰਹੇ ਹਨ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਮਜੀਠਾ ਡਾ: ਦਿਲਬਾਗ ਸਿੰਘ ਭੱਟੀ ਨੇ ਦੱਸਿਆ ਕਿ ਡੀ ਏ ਪੀ ਦੀ ਵਰਤੋਂ ਮੁੱਖ ਤੋਰ ਤੇ ਕਿਸਾਨਾਂ ਵੱਲੋ ਕਣਕ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਬਿਲਕੁੱਲ ਵੀ ਘਬਰਾਉਣਾ ਨਹੀਂ ਚਾਹੀਦਾ ਸਗੋ ਡੀ.ਏ.ਪੀ ਦੇ ਬਦਲ ਵਜੋਂ ਟੀ ਐਸ ਪੀ ( 0:46:0) ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਚਾਹੀਦੀ ਹੈ। ਡਾ: ਭੱਟੀ ਨੇ ਦੱਸਿਆ ਕਿ (0:46:0) ਵਿੱਚ ਡੀ ਏ ਪੀ ਦੇ ਬਰਾਬਰ ਫਾਸਫੋਰਸ ਹੈ ਅਤੇ ਉਸ ਦੀ ਕੀਮਤ ਵੀ ਡੀ ਏ ਪੀ ਤੋਂ ਘੱਟ ਹੈ ਇਸ ਵਿੱਚ ਲਗਭਗ 15% ਕੈਲਸ਼ੀਅਮ ਅਤੇ ਸਲਫਰ ਤੱਤ ਵੀ ਮੋਜੂਦ ਹੈ ਜੋ ਡੀ ਏ ਪੀ ਖਾਦ ਵਿੱਚ ਨਹੀ ਮਿਲਦਾ ਇਸ ਲਈ ਕਿਸਾਨ ਵੀਰਾਂ ਨੂੰ ਸੁਝਾਅ ਹੈ ਕਿ ਉਹ ਕਣਕ ਦੀ ਬਿਜਾਈ ਲਈ 50 ਕਿਲੋਗ੍ਰਾਮ ਟੀ ਐਸ ਪੀ ਡਰਿੱਲ ਰਾਹੀਂ ਅਤੇ 20 ਕਿਲੋਗ੍ਰਾਮ ਯੂਰੀਆ ਛੱਟੇ ਰਾਹੀਂ ਪਾ ਕੇ ਕਣਕ ਦੀ ਬਿਜਾਈ ਬਿਨਾ ਕਿਸੇ ਦੇਰੀ ਕਰਨ। ਇਸ ਮੌਕੇ ਪਿੰਡ ਬੇਗੇਵਾਲ ਤੋ ਕਿਸਾਨ ਰਘਬੀਰ ਸਿੰਘ ਨੇ ਟੀ ਐਸ ਪੀ ਦੀ ਵਰਤੋਂ ਨਾਲ ਲਗਭਗ 50 ਏਕੜ ਕਣਕ ਦੀ ਬਿਜਾਈ ਕੀਤੀ । ਜਿਸ ਦੋਰਾਨ ਸ਼ਾਮਨਗਰ ਤੋ ਇਨਚਾਰਜ ਅਮਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਵੀ ਕਿਸਾਨਾਂ ਨੂੰ ਇਸ ਸਬੰਧੀ ਅਪੀਲ ਕੀਤੀ ਅਤੇ ਡੀ ਏ ਪੀ ਦੇ ਹੋਰਾਂ ਬਦਲਵੇ ਰੂਪਾ ਜਿਵੇਂ ਕਿ ਐਨ.ਪੀ.ਕੇ 12:32:16, 10:26:26, 16:16:16, 20:20:0:13 ਆਦਿ ਦੀ ਵਰਤੋਂ ਕੀਤੀ ਜਾਵੇ ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਸਰਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਬਲਾਕਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਡੀਏਪੀ ਖਾਦ ਮੁਹਈਆ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਡੀਏਪੀ ਦੀ ਕਾਲਾ ਬਜ਼ਾਰੀ ਰੋਕਣ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ ਅਤੇ ਕਿਸੇ ਨੂੰ ਵੀ ਡੀਏਪੀ ਖਾਦ ਦੀ ਕਾਲਾ ਬਜਾਰੀ ਨਹੀਂ ਕਰਨ ਦਿੱਤੀ ਜਾਵੇਗੀ।