ਕਿਸਾਨਾਂ ਨੂੰ ਕਣਕ ਦੀ ਫਸਲ ’ਚ ਨਦੀਨਾਂ ਨੂੰ ਰੋਕਣ ਲਈ ਹਰ ਸਾਲ ਅਦਲ-ਬਦਲ ਦੇ ਨਦੀਨ ਨਾਸ਼ਕਾਂ ਨੂੰ ਵਰਤਣ ਦੀ ਸਲਾਹ
ਮਾਨਸਾ, 09 ਜਨਵਰੀ :
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਅਧੀਨ ਬਣੀਆਂ ਵੱਖ-ਵੱਖ ਬਲਾਕ ਪੱਧਰੀ ਟੀਮਾਂ ਖੇਤਾਂ ਵਿੱਚ ਜਾ ਕੇ ਨਦੀਨ ਨਾਸ਼ਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੀਆਂ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਦੀਨਾਂ ਵਿੱਚ ਹਰ ਸਾਲ ਇੱਕ ਹੀ ਤਰ੍ਹਾਂ ਦੀ ਨਦੀਨਨਾਸ਼ਕ ਵਰਤਣ ਨਾਲ ਨਦੀਨਾਂ ਵਿੱਚ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਕਣਕ ਵਿੱਚ ਨਦੀਨਾਂ ਦੀ ਸੰਖਿਆ ਵੱਧ ਜਾਂਦੀ ਹੈ। ਇਸ ਲਈ ਉਹਨਾਂ ਨੂੰ ਨਦੀਨਾਂ ਦੀ ਰੋਧਣ ਸ਼ਕਤੀ ਨੂੰ ਘੱਟ ਕਰਨ ਲਈ ਹਰ ਸਾਲ ਬਦਲ-ਬਦਲ ਕੇ ਨਦੀਨਨਾਸ਼ਕ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਸ ਲੜੀ ਅਧੀਨ ਬਲਾਕ ਮਾਨਸਾ ਵਿੱਚ ਟੀਮ ਵੱਲੋਂ ਰੱਮਦਿੱਤੇਵਾਲਾ, ਗੇਹਲੇ ਅਤੇ ਘਰਾਂਗਣਾ ਆਦਿ ਪਿੰਡਾ ਦਾ ਦੌਰਾ ਗਿਆ। ਇਸ ਦੌਰੇ ਦੌਰਾਨ ਡਾ. ਸੁਖਜਿੰਦਰ ਸਿੰਘ , ਖੇਤੀਬਾੜੀ ਵਿਕਾਸ ਅਫਸਰ, ਮਾਨਸਾ ਨੇ ਕਿਸਾਨਾਂ ਨੂੰ ਦੱਸਿਆ ਕਿ ਨਦੀਨਨਾਸ਼ਕ ਦਾ ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ ਨਾਸ਼ਕਾਂ ਦਾ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ , ਜਦਕਿ ਨਦੀਨ ਉੱਗਣ ਤੋਂ ਬਾਅਦ ਵਰਤਣ ਵਾਲੇ ਨਦੀਨਨਾਸ਼ਕ ਲਈ ਫਲੈਟ ਫੈਨ ਨੋਜਲ ਨੂੰ ਪਹਿਲ ਦਿਓ। ਛਿੜਕਾਅ ਤੋਂ ਬਾਅਦ ਪਾਣੀ ਹਲਕਾ ਲਾਓ ਕਿਉਂਕਿ ਭਰਵਾਂ ਪਾਣੀ ਲਾਉਣ ਨਾਲ ਨਦੀਨ ਨਾਸ਼ਕ ਦਾ ਅਸਰ ਘੱਟ ਜਾਂਦਾ ਹੈ।
ਇਸ ਦੇ ਨਾਲ ਹੀ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੀ ਸਿੰਚਾਈ ਤੋਂ ਬਾਅਦ ਬਿਜਾਈ ਤੋਂ 30-35 ਦਿਨਾਂ ਦੇ ਅੰਦਰ 150 ਲੀਟਰ ਪਾਣੀ ਵਿੱਚ ਨਦੀਨਾਸ਼ਕ ਆਈਸੋਪ੍ਰੋਟਯੂਰਾਨ 75 ਡਬਲਯੂ ਪੀ 500 ਗ੍ਰਾਮ, ਟੌਪਿਕ ਪੁਆਇੰਟ, ਮੌਲਾਹ, ਰਕਸ਼ਕ ਪਲੱਸ, ਜੈ ਵਿਜੈ, ਟੌਪਲ, ਮਾਰਕਕਲੋਡੀਨਾ, ਕੋਲੰਬਸ 15 ਡਬਲਯੂ ਪੀ (ਕਲੋਡੀਨਾਫੌਪ) 160 ਗ੍ਰਾਮ, ਐਕਸੀਅਲ 5 ਈ ਸੀ (ਪਿਨੋਕਸਾਡਿਨ) 400 ਮਿਲੀਲਿਟਰ, ਪਿਊਮਾ ਪਾਵਰ 10 ਈ ਸੀ (ਫਿਨੌਕਸਾਪ੍ਰੋਪ-ਪੀ-ਈਥਾਈਲ) 400 ਮਿਲੀਲਿਟਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਦਿਨਾਂ ਵਿੱਚ ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਨਦੀਨਾਸ਼ਕ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ 250 ਗ੍ਰਾਮ ਜਾਂ 2,4-ਡੀ ਈਥਾਈਲ ਐਸਟਰ 38 ਈ ਸੀ 250 ਮਿਲੀਲਿਟਰ ਜਾਂ ਐਲਗਰਿਪ, ਐਲਗਰਿਪ ਰਾਇਲ, ਮਾਰਕਗਰਿਪ, ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 10 ਗ੍ਰਾਮ ਬਿਜਾਈ ਤੋਂ 30 ਤੋਂ 35 ਦਿਨਾਂ ਵਿੱਚ, ਏਮ, ਅਫਿਨਟੀ 40 ਡੀ ਐਫ (ਕਾਰਫੈਨਟਰਾਜ਼ੋਨ ਈਥਾਈਲ) 20 ਗ੍ਰਾਮ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤਣਾ ਚਾਹੀਦਾ ਹੈ।
ਜੇਕਰ ਖੇਤ ਵਿੱਚ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨ ਦੌਨੇ ਮੋਜੂਦ ਹਨ, ਤਾਂ ਟੋਟਲ/ ਮਾਰਕਪਾਵਰ 75 ਡਬਲਯੂ ਜੀ ( ਸਲਫੋਸਲਫੂਰਾਨ ਲ਼ ਮੈਟਾਸਲਫੂਰਾਨ) 16 ਗ੍ਰਾਮ/ ਐਟਲਾਂਟਿਸ 3.6 ਡਬਲਯੂ ਡੀ ਜੀ ( ਮਿਜ਼ੋਸਲਫੂਰਾਨ ਲ਼ ਆਇਡੋਸਲਫੂਰਾਨ ) 160 ਗ੍ਰਾਮ/ ਅਕੋਰਡ ਪਲੱਸ 22 ਈ.ਸੀ ( ਫਿਨੋਕਸਾਪ੍ਰੋਪ ਲ਼ ਮੈਟਰੀਬਿਊਜਿਨ) 500 ਮਿਲੀਲੀਟਰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
ਇਸ ਮੌਕੇ ਗੁਰਬਖਸ਼ ਸਿੰਘ, ਦਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਕਿਸਾਨ ਗੁਰਪਿਆਰ ਸਿੰਘ, ਇਕਬਾਲ ਸਿੰਘ ਅਤੇ ਸੂਰਜ ਸਿੰਘ ਆਦਿ ਮੋਜੂਦ ਸਨ।