ਪਿਛਲੇ 22 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਅਗਾਂਹ ਵਧੂ ਕਿਸਾਨ ਪ੍ਰਤਿੰਦਰ ਸਿੰਘ ਔਲਖ
ਬੱਲੂਆਣਾ/ ਫਾਜ਼ਿਲਕਾ 31ਅਗਸਤ 2024......
ਫਾਜ਼ਿਲਕਾ ਦੇ ਬੱਲੂਆਣਾ ਹਲਕੇ ਦੀ ਢਾਣੀ ਠਾਕੁਰ ਸਿੰਘ ਦੇ ਵਸਨੀਕ ਸ. ਪ੍ਰੀਤਿੰਦਰ ਸਿੰਘ ਔਲਖ ਨੇ ਫਾਜਿਲਕਾ ਹੀ ਨਹੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਲਈ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਹੈ।
ਅਗਾਂਵਧੂ ਕਿਸਾਨ ਸ. ਪ੍ਰੀਤਿੰਦਰ ਸਿੰਘ ਔਲਖ 50 ਏਕੜ ਜਮੀਨ ਵਿੱਚ ਖੇਤੀ ਕਰਦਾ ਹੈ! ਕਿਸਾਨ 37 ਏਕੜ ਵਿੱਚ ਝੋਨੇ ਦੀ ਖੇਤੀ ਕਰ ਰਿਹਾ ਹੈ ਅਤੇ ਬਾਕੀ ਰਕਬੇ ਵਿੱਚ ਹਲਦੀ, ਕਮਾਦ, ਕਿੰਨੂ, ਮਾਲਟਾ, ਗ੍ਰੇਪ ਫਰੂਟ ਆਦਿ ਦੀ ਖੇਤੀ ਕਰ ਰਿਹਾ ਹੈ।
ਅਗਾਂਵਧੂ ਕਿਸਾਨ ਸ. ਪ੍ਰੀਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਝੋਨੇ ਦੀ ਪਰਾਲੀ ਨੂੰ ਸੁਪਰਸੀਡਰ ਨਾਲ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਸੁਪਰਸੀਡਰ ਤੋਂ ਪਹਿਲਾਂ ਉਹ ਰੋਟਵੇਟਰ ਅਤੇ ਤਵੀਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ। ਕਿਸਾਨ ਨੇ ਕਿਹਾ ਕਿ ਉਸ ਦੀ ਕਣਕ ਦੀ ਫਸਲ ਵਿੱਚ ਸੁੰਡੀ ਦੀ ਕਦੇ ਕੋਈ ਸਮੱਸਿਆ ਨਹੀਂ ਆਈ। ਜੇ ਕਦੇ ਸਮੱਸਿਆ ਆ ਜਾਵੇ ਤਾਂ ਝੋਨੇ ਵਿੱਚ ਹੀ ਸੁੰਡੀ ਨੂੰ ਕੰਟਰੋਲ ਕਰ ਲਿਆ ਜਾਂਦਾ ਹੈ ।
ਉਨ੍ਹਾਂ ਦੁਆਰਾ ਪਰਾਲੀ ਦੀ ਵਰਤੋਂ ਬਾਗ, ਗੰਨਾ ਅਤੇ ਹਲਦੀ ਆਦਿ ਫਸਲਾਂ ਵਿੱਚ ਮਲਚਿੰਗ ਲਈ ਵੀ ਕੀਤੀ ਜਾਂਦੀ ਹੈ। ਜਿਸ ਨਾਲ ਜਮੀਨ ਵਿੱਚ ਸਿਲ੍ਹ ਕਾਇਮ ਰਹਿੰਦੀ ਹੈ ਅਤੇ ਪਾਣੀ ਦੀ ਵੀ ਕਾਫੀ ਬਚਤ ਹੁੰਦੀ ਹੈ। ਇਸ ਨਾਲ ਨਦੀਨ ਵੀ ਬਹੁਤ ਘੱਟ ਹੁੰਦੇ ਹਨ। ਪਰਾਲੀ ਨੂੰ ਖੇਤ ਵਿੱਚ ਵਾਹ ਕੇ ਜਿੱਥੇ ਉਹ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ ਉਥੇ ਹੀ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਅਗਲੀ ਫਸਲ ਦਾ ਝਾੜ ਵੀ ਵੱਧ ਪ੍ਰਾਪਤ ਕਰ ਰਿਹਾ ਹੈ!