ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ: ਹਰਜੋਤ ਸਿੰਘ ਬੈਂਸ
ਹੁਸ਼ਿਆਰਪਰ, 26 ਜਨਵਰੀ: ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮਿੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸ਼੍ਰੀ ਅਵਿਨਾਸ਼ ਸੂਦ ਮੈਮੋਰੀਅਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਗੋਕੁਲ ਨਗਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਅਤੇ ਸਾਫ਼-ਸਫ਼ਾਈ ਲਈ ਲਗਭਗ 82 ਕਰੋੜ, ਵਾਈਫਾਈ ਕੁਨੈਕਸ਼ਨਾਂ ਲਈ 29.3 ਕਰੋੜ, ਸਕੂਲਾਂ ਵਿੱਚ ਪਖਾਨੇ, ਵਾਧੂ ਕਲਾਸ ਰੂਮ, ਲੈਬਾਰਟਰੀਆਂ, ਲਾਇਬ੍ਰੇਰੀਆਂ ਅਤੇ ਹੋਰ ਕੰਮਾਂ ਦੇ ਨਿਰਮਾਣ ਲਈ 120.43 ਕਰੋੜ ਮੁਹੱਈਆ ਕਰਵਾਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਮਿਲ ਸਕਣ।
ਸਕੂਲ ਦੀ ਨਵੀਂ ਇਮਾਰਤ ਦੇ ਉਦਘਾਟਨ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਾਬਾਰਡ ਅਧੀਨ ਕਲਾਸਰੂਮ, ਪ੍ਰਯੋਗਸ਼ਾਲਾਵਾਂ ਅਤੇ ਹੋਲਿਸਟਿਕ ਪਲਾਨ ਲਈ 93.48 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਬੇਹੱਦ ਲਾਭ ਮਿਲੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਮੇਂ-ਸਮੇਂ ਸਿਰ ਬੁਨਿਆਦੀ ਢਾਂਚੇ ਵਿਚ ਲੋੜੀਂਦਾ ਸੁਧਾਰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਸ਼ਨ 2024-25 ਵਿੱਚ ਵਿਦਿਆਰਥੀਆਂ ਨੂੰ ਸਮੇਂ ਸਿਰ ਮੁਫ਼ਤ ਪਾਠ ਪੁਸਤਕਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ 30 ਵਿਦਿਆਰਥੀਆਂ ਨੂੰ ਚੰਦਰਯਾਨ-3, 18 ਵਿਦਿਆਰਥੀਆਂ ਨੂੰ ਪੀ. ਐਸ.ਐਲ.ਵੀ. ਰਾਹੀਂ ਡੀ.ਐਸ.-ਐਸ.ਏ.ਆਰ. ਸੈਟੇਲਾਈਟ ਅਤੇ 21 ਵਿਦਿਆਰਥੀਆਂ ਨੂੰ ਆਦਿਤਿਆ ਐਲ-1 ਦੇ ਲਾਂਚ ਨੂੰ ਦਿਖਾਇਆ ਗਿਆ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਨੌਕਰੀ ਦੇ ਸਮਰੱਥ ਬਣਾਉਣ ਦੇ ਮੰਤਵ ਨਾਲ ਵੋਕੇਸ਼ਨਲ ਅਤੇ ਸਕਿੱਲ ਪ੍ਰੋਗਰਾਮਾਂ ਦੀ ਯੋਜਨਾ ਅਧੀਨ ਵਿੱਤੀ ਸਾਲ 2024-25 ਦੌਰਾਨ 3.25ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਸਮਾਜ ਵਿਚ ਵਧੀਆ ਤਬਦੀਲੀਆਂ ਅਤੇ ਉਸਾਰੂ ਕਾਰਗੁਜ਼ਾਰੀ ਨੂੰ ਅੰਜਾਮ ਦੇ ਸਕਦੇ ਹਨ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਓਵਰਆਲ ਵਿਕਾਸ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਵਿਨਾਸ਼ ਸੂਦ ਮੈਮੋਰੀਅਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਗੋਕਲ ਨਗਰ ਲਈ ਜ਼ਮੀਨ ਦਾਨ ਕਰਨ ਵਾਲੇ ਸੂਦ ਪਰਿਵਾਰ ਅਤੇ ਸ਼੍ਰੀ ਕਲਗੀਧਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪਾਇਆ ਯੋਗਦਾਨ ਬਹੁਤ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਵਿਕਾਸ ਲਈ 10 ਲੱਖ ਰੁਪਏ ਦੀ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਇਕ ਇਸ ਤਰ੍ਹਾਂ ਦਾ ਵਾਤਾਵਰਣ ਬਣਾ ਰਿਹਾ ਹੈ ਜਿਥੇ ਹਰ ਬੱਚੇ ਦਾ ਸੁਪਨਾ ਸਾਕਾਰ ਹੋ ਸਕੇ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਅਵਿਨਾਸ਼ ਸੂਦ ਮੈਮੋਰੀਅਲ ਸਕੂਲ ਦੀ ਸਥਾਪਨਾ 1971 ਵਿਚ ਸਵਰਗੀ ਸ਼੍ਰੀ ਅਵਿਨਾਸ਼ ਸੂਦ ਦੁਆਰਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦੇ ਚੱਲਦੇ ਪੁਰਾਣੀ ਇਮਾਰਤ 338 ਵਿਦਿਆਰਥੀਆਂ ਲਈ ਕਾਫੀ ਨਹੀਂ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀ ਕਲਗੀਧਰ ਸਾਹਿਬ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ 14 ਮਰਲੇ ਜ਼ਮੀਨ ਦਾਨ ਕਰਕੇ ਇਕ ਨਵੀਂ ਆਧੁਨਿਕ ਇਮਾਰਤ ਦਾ ਨਿਰਮਾਣ ਕਰਵਾਇਆ ਜਿਸ ਨੂੰ ਸਿੱਖਿਆ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਏ.ਡੀ.ਸੀ. ਰਾਹੁਲ ਚਾਬਾ, ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ, ਸਿੱਖਿਆ ਅਫ਼ਸਰ (ਸ) ਲਲਿਤਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਹਰਜਿੰਦਰ ਸਿੰਘ, ਡਿਪਟੀ ਡੀ.ਈ.ਓ ਧੀਰਜ ਵਸ਼ਿਸ਼ਟ, ਡਿਪਟੀ ਡੀ.ਈ.ਓ ਸੁਖਵਿੰਦਰ ਸਿੰਘ, ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ, ਹਰਜੀਤ ਸਿੰਘ, ਹਰਮਿੰਦਰ ਸਿੰਘ ਗੋਪੀ ਆਦਿ ਵੀ ਮੌਜੂਦ ਸਨ।