ਗਣਤੰਤਰਤਾ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਨੇ ਲਹਿਰਾਇਆ ਕੌਮੀ ਝੰਡਾ
ਸ੍ਰੀ ਮੁਕਤਸਰ ਸਾਹਿਬ 26 ਜਨਵਰੀ
ਸ੍ਰੀ ਲਾਲ ਚੰਦ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਅਤੇ ਜੰਗਲਾਤ ਮੰਤਰੀ ਪੰਜਾਬ ਨੇ ਅੱਜ ਗਣਤੰਤਰਤਾ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਗਣਤੰਤਰਤਾ ਦਿਵਸ ਮੌਕੇ ਤੇ ਬੋਲਦਿਆ ਉਹਨਾਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਤਰਾਜ ਦੀ ਸਥਾਪਨਾ ਹੋਈ। ਉਹਨਾਂ ਕਿਹਾ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਾਲੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਸੰਵਿਧਾਨ ਸਦਕਾ ਸਾਰੇ ਦੇਸ਼ ਵਾਸੀ ਅਸੀ ਸਾਰੀਆਂ ਜਾਤਾਂ,ਪਾਤਾ, ਉਚ ਨੀਚ ਅਤੇ ਸਾਰੇ ਧਰਮਾਂ ਤੋਂ ਉਪਰ ਉਠ ਕੇ ਭਰਾਤਰੀ ਭਾਵ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਾਂ।
ਉਹਨਾਂ ਅੱਗੇ ਕਿਹਾ ਕਿ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਸ.ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ 50 ਹਜ਼ਾਰ ਤੋਂ ਵੱਧ ਯੁਵਕਾਂ ਦੀ ਬਿਨ੍ਹਾਂ ਕਿਸੇ ਸਿ਼ਫਾਰਸ ਤੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕੀਤੀ ਗਈ ਹੈ।
ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵੀ ਦ੍ਰਿੜ੍ਹ ਸੰਕਲਪ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ।
ਸਰਕਾਰ ਵਲੋਂ ਬਿਨ੍ਹਾਂ ਕਿਸੇ ਵਿਤਕਰੇ ਤੋਂ ਹਰ ਵਰਗ ਦਾ ਮੁਫਤ ਬਿਜਲੀ ਦੇ ਐਲਾਨ ਤੋਂ ਬਾਅਦ ਸੂਬੇ ਦੇ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ਜੀਰੋ ਬਿਜਲੀ ਬਿੱਲ ਆ ਰਹੇ ਹਨ।
ਸਰਕਾਰ ਵੱਲੋਂ ਪਿਛਲੇ ਸਾਲ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਗਿਆ। ਭਾਰਤ ਵਿੱਚ ਕਿਸੇ ਸੂਬਾ ਸਰਕਾਰ ਦੁਆਰਾ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਣ ਦੀ ਇਹ ਪਹਿਲੀ ਘਟਨਾ ਹੈ, ਇਸ ਪਾਵਰ ਪਲਾਂਟ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ `ਤੇ ਰੱਖਿਆ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਲਈ ਮੁਫਤ ਬਿਜਲੀ ਦੀ ਸਹੂਲਤ ਵੀ ਜਾਰੀ ਰੱਖੀ ਹੋਈ ਹੈ ਅਤੇ ਮੌਜੂਦਾ ਵਿੱਤੀ ਸਾਲ ਲਈ ਮੁਫਤ ਬਿਜਲੀ ਦੀ ਸਹੂਲਤ ਲਈ ਕੁੱਲ 9330 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਵਿੱਤੀ ਵਰ੍ਹੇ 2023-24 ਲਈ ਪੰਜਾਬ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਨੂੰ 18,276 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਾ ਭੁਗਤਾਨ ਕੀਤਾ ਹੈ। ਵਿੱਤੀ ਸਾਲ 2024-25 ਦੌਰਾਨ ਹੁਣ ਤੱਕ 9251 ਕਰੋੜ ਰੁਪਏ ਦੀ ਸਬਸਿਡੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਪੰਜਾਬ ਦੇ ਗੰਨਾਂ ਕਾਸ਼ਤਕਾਰਾਂ ਨੂੰ ਦੇਸ਼ ਵਿਚੋਂ ਸਭ ਤੋਂ ਵੱਧ 401 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ। ਪਿੜਾਈ ਸਾਲ 2023-24 ਦੌਰਾਨ, ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਾਰੀ ਅਦਾਇਗੀ ਕਰ ਦਿੱਤੀ ਹੈ। ਗੰਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਤੌਰ ਸਬਸਿਡੀ 242.43 ਕਰੋੜ ਰੁਪਏ ਦੀ ਰਕਮ ਸਿੱਧੀ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ।
ਉਹਨਾਂ ਅੱਗੇ ਕਿਹਾ ਕਿ ਪਰਾਲੀ ਦੀ ਵਿਗਿਆਨਿਕ ਢੰਗ ਨਾਲ ਸੁਚੱਜੀ ਸੰਭਾਲ ਲਈ ਪੇਡਾ ਵੱਲੋਂ 85.23 ਟਨ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰਤੀ ਦਿਨ ਸਮਰੱਥਾ ਦੇ ਚਾਰ ਪ੍ਰਾਜੈਕਟ ਚਾਲੂ ਹੋ ਗਏ ਹਨ ਅਤੇ ਸੱਤ ਹੋਰ ਸੀ.ਬੀ.ਜੀ. ਪ੍ਰਾਜੈਕਟਾਂ ਦੇ ਇਸ ਸਾਲ ਦੇ ਅੰਤ ਤੱਕ ਚਾਲੂ ਹੋਣ ਦੀ ਉਮੀਦ ਹੈ।
ਉਹਨਾਂ ਅੱਗੇ ਦੱਸਿਆ ਕਿ ਰਾਸ਼ਨ ਦੀ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਲਈ ਈ-ਪੋਸ ਮਸ਼ੀਨਾਂ ਅਤੇ ਆਈਰਿਸ ਸਕੈਨਰਾਂ ਦੇ ਨਾਲ-ਨਾਲ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਸਮੇਤ 14420 ਈ-ਪੋਸ ਕਿੱਟਾਂ ਖਰੀਦੀਆਂ ਗਈਆਂ।
ਈ-ਪੋਸ ਮਸ਼ੀਨਾਂ ਅਤੇ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਸੁਚੱਜੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ 5 ਸਾਲਾਂ ਦੀ ਮਿਆਦ ਲਈ ਟੈਂਡਰ ਅਲਾਟ ਕੀਤੇ ਗਏ ਹਨ। ਹੁਣ, ਹਰੇਕ ਰਾਸ਼ਨ ਡਿਪੂ ਨੂੰ ਇੱਕ ਈ-ਪੋਸ ਕਿੱਟ ਪ੍ਰਦਾਨ ਕੀਤੀ ਗਈ ਹੈ ਅਤੇ ਇਹਨਾਂ ਡਿਪੂਆਂ ਵਿੱਚ ਭਾਰ ਤੋਲਣ ਵਾਲੀਆਂ ਇਲੈਕਟ੍ਰਾਨਿਕ ਮਸ਼ੀਨਾਂ ਨੂੰ ਸਥਾਪਤ ਕਰਨਾ ਵੀ ਯਕੀਨੀ ਬਣਾਇਆ ਗਿਆ ਹੈ।
ਰੁੱਖਾਂ ਦੀ ਰਾਖੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰ ਵੱਲੋਂ `ਟ੍ਰੀ ਪ੍ਰੀਜ਼ਰਵੇਸ਼ਨ ਪਾਲਿਸੀ ਫਾਰ ਨਾਨ-ਫਾਰੈਸਟ ਗਵਰਨਮੈਂਟ ਐਂਡ ਪਬਲਿਕ ਲੈਂਡਜ਼-2024` ਨੂੰ ਪ੍ਰਵਾਨਗੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਇਸ ਸਾਲ ਦੌਰਾਨ ਵੱਖ-ਵੱਖ ਸਕੀਮਾਂ ਜਿਵੇਂ ਕਿ ਸਟੇਟ ਅਥਾਰਟੀ ਕੈਂਪਾ ਅਤੇ ਹਰਿਆਲੀ ਪੰਜਾਬ ਮਿਸ਼ਨ ਤਹਿਤ 2.84 ਲੱਖ ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ 3153.33 ਹੈਕਟੇਅਰ ਰਕਬੇ ਨੂੰ ਜੰਗਲਾਂ ਅਧੀਨ ਲਿਆਂਦਾ ਗਿਆ ਹੈ।
ਗੈਰ-ਜੰਗਲਾਤ ਅਤੇ ਸਰਕਾਰੀ ਜ਼ਮੀਨਾਂ ਵਿੱਚ ਲਗਾਏ ਪੌਦਿਆਂ ਦੀ ਗੈਰ-ਕਾਨੂੰਨੀ ਕਟਾਈ ਨੂੰ ਰੋਕਣ ਦੇ ਨਾਲ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਕੈਬਨਿਟ ਵੱਲੋਂ ਵੱਲੋਂ `ਟ੍ਰੀ ਪ੍ਰੀਜ਼ਰਵੇਸ਼ਨ ਪਾਲਿਸੀ ਫਾਰ ਨਾਨ-ਫਾਰੈਸਟ ਗਵਰਨਮੈਂਟ ਐਂਡ ਪਬਲਿਕ ਲੈਂਡਜ਼-2024` ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਪ੍ਰਤੀ ਟਿਊਬਵੈੱਲ ਘੱਟੋ-ਘੱਟ 4 ਬੂਟੇ ਲਗਾਉਣ ਸਬੰਧੀ ਨੀਤੀ ਤਹਿਤ ਟਿਊਬਵੈੱਲਾਂ `ਤੇ 28.99 ਲੱਖ ਬੂਟੇ ਲਗਾਏ ਗਏ ਹਨ। ਸੂਬੇ ਵਿੱਚ 46 ਪਵਿਤਰ ਵਣ ਅਤੇ 268 ਨਾਨਕ ਬਗੀਚੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵਿਭਾਗ ਦੀਆਂ ਨਰਸਰੀਆਂ ਵਿੱਚ ਮਹਿਲਾ ਸਟਾਫ਼ ਮੈਂਬਰਾਂ ਲਈ 78 ਪਖਾਨੇ ਵੀ ਬਣਾਏ ਜਾ ਰਹੇ ਹਨ।
2030 ਤੱਕ ਜੰਗਲ ਅਧੀਨ ਰਕਬੇ ਨੂੰ 7.5 ਫੀਸਦ ਤੱਕ ਵਧਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ 792.88 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰਾਜੈਕਟ 5 ਸਾਲਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਨੂੰ ਸੂਬਾ ਸਰਕਾਰ ਵੱਲੋਂ ਜਾਪਾਨੀ ਇੰਟਰਨੈਸ਼ਨ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਸਹਿਯੋਗ ਨਾਲ ਨੇਪਰੇ ਚਾੜਿਆਂ ਜਾਵੇਗਾ।
ਵਣ ਵਿਭਾਗ ਵੱਲੋਂ ਦੋ ਸਾਲਾਂ ਦੌਰਾਨ ਡਿਪਟੀ ਰੇਂਜਰ, ਫੋਰੈਸਟਰ, ਵਣ ਗਾਰਡ, ਕਲਰਕ ਆਦਿ ਕਾਡਰਾਂ ਵਿੱਚ 276 ਸਿੱਧੀਆਂ ਭਰਤੀਆਂ ਕੀਤੀਆਂ ਗਈਆਂ ਹਨ।
ਗਣਤੰਤਰਤਾ ਦਿਵਸ ਮੌਕੇ ਪੰਜਾਬ ਪੁਲਿਸ ਦੇ ਪਰੇਡ ਕਮਾਂਡਰ ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ. ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਪੰਜਾਬ ਪੁਲਿਸ (ਮਹਿਲਾ), ਪੰਜਾਬ ਹੋਮ ਗਾਰਡਜ, ਐਨ.ਸੀ.ਸੀ. ਅਤੇ ਸਕਾਊਂਟ ਦੀਆਂ ਟੁਕੜੀਆਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਮਾਰਚ ਪਾਸਟ ਪੇਸ਼ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਰਾਸ਼ਟਰੀ ਧੁੰਨ ਬਜਾਈ ਗਈ ਅਤੇ ਵੱੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਤੇ ਉਹਨਾਂ ਸੁੰਤਰਤਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਜਿ਼ਲ੍ਹਾ ਪ੍ਰਸ਼ਾਸਨ ਦੀ ਸਹਾਇਤਾਂ ਨਾਲ ਰੈਡ ਕਰਾਸ ਵਲੋਂ 20 ਲੋੜਵੰਦ ਔਰਤਾਂ ਨੂੰ ਸਿਖਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਕਾਸ ਨੂੰ ਦਰਸਾਉਂਦੀਆਂ ਵੱਖ ਵੱਖ ਵਿਭਾਗਾਂ ਵਲੋਂ ਝਾਕੀਆਂ ਦਾ ਵੀ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਾਜ ਕੁਮਾਰ ਜਿ਼ਲ੍ਹਾ ਅਤੇ ਸੈਸ਼ਨ ਜੱਜ,ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ,ਸ੍ਰੀ ਅਸ਼ਵਨੀ ਕਪੂਰ ਡੀ.ਆਈ.ਜੀ, ਸ੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ.,ਸ੍ਰੀਮਤੀ ਨਿਸ਼ਠਾ ਤ੍ਰਿਪਾਠੀ ਚੇਅਰਪ੍ਰਸ਼ਨ ਹਸਪਤਾਲ ਭਲਾਈ ਸੰਸਥਾ, ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਸੁਖਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ., ਸ੍ਰੀ ਗੁਰਦੀਪ ਸਿੰਘ ਮਾਨ ਜਿ਼ਲ੍ਹਾ ਲੋਕ ਸੰਪਰਕ ਅਫਸਰ, ਸ.ਇਕਬਾਲ ਸਿੰਘ ਮਾਨ (ਡਿਪਟੀ ਐਡਵੋਕੇਟ ), ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ, ਸ੍ਰੀ ਸੁਖਜਿੰਦਰ ਸਿੰਘ ਬਬਲੂ ਬਰਾੜ, ਸ੍ਰੀ ਇਕਬਾਲ ਸਿੰਘ ਵੜਿੰਗ, ਅਰਸ਼ ਬਰਾੜ ਸਰਪੰਚ, ਅਮਰੀਕ ਸਿੰਘ ਮਿੱਕਾ (ਈਨਾ ਖੇੜਾ),ਡਾ.ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ,ਸ੍ਰੀ ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।
ਇਸ ਮੌਕੇ ਤੇ ਸ੍ਰੀ ਸੁਖਚਰਨ ਸਿੰਘ (ਨਿੱਕਾ ਬਰਾੜ) ਰਿਟਾ.ਹੋਲਦਾਰ ਉਦੇਕਰਨ ਨੇ ਆਪਣੇ ਪੈਰਾਗਲਾਈਡਰ ਨਾਲ ਫੁੱਲਾਂ ਦੀ ਵਰਖਾ ਕੀਤੀ ਅਤੇ ਆਪਣੇ ਕਰਤੱਬਾ ਦਿਖਾਏ।
ਕੈਬਨਿਟ ਮੰਤਰੀ ਨੇ ਗਣਤੰਤਰਤਾ ਦਿਵਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਸਕੂਲੀ ਬੱਚਿਆ ਨੂੰ 27 ਜਨਵਰੀ 2025 ਨੂੰ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ।