ਸਪੀਕਰ ਸੰਧਵਾ ਨੇ ਪਿੰਡ ਹਰੀਨੌ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਕੀਤਾ ਸ਼ੁਭ ਆਗਾਜ਼
ਕੋਟਕਪੂਰਾ 31 ਅਗਸਤ 2024
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੋਟਕਪੂਰਾ ਦੇ ਪਿੰਡ ਹਰੀਨੌ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ । ਇਸ ਦੌਰਾਨ ਬੋਲਦਿਆਂ ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ, ਖੇਡਾਂ ਵਿਭਾਗ ਪੰਜਾਬ ਸ. ਪਰਮਿੰਦਰ ਸਿੰਘ ਸਿੱਧੂ, ਐਸਡੀਐਮ ਕੋਟਕਪੂਰਾ ਵੀਰਪਾਲ ਕੌਰ, ਸੁਖਵੰਤ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਪੀਕਰ ਸੰਧਵਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਵਿਚ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਖਿਡਾਰੀ ਦੀ ਰਜਿਸਟਰੇਸ਼ਨ ਆਨਲਾਈਨ ਜਾਂ ਮੌਕੇ ਤੇ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ 9 ਕਰੋੜ ਤੋਂ ਉਪਰ ਤੱਕ ਦੇ ਇਨਾਮ ਇਨ੍ਹਾਂ ਖੇਡਾਂ ਵਿੱਚ ਦਿੱਤੇ ਜਾਣਗੇ। ਇਸ ਨਾਲ ਬੱਚਿਆਂ ਨੂੰ ਤੰਦਰੁਸਤੀ ਨਾਲ ਜੀਵਨ ਜਿਉਣ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਖੇਡ ਕੇ ਬੱਚਿਆਂ ਨੂੰ ਜਿੱਤਾਂ ਨੂੰ ਮਾਨਣ ਅਤੇ ਹਾਰਾਂ ਨੂੰ ਜਰ ਕੇ ਜਿੰਦਗੀ ਨੂੰ ਹੋਰ ਜੋਸ਼ ਨਾਲ ਜਿਉਣ ਦੀ ਸਿੱਖਿਆ ਮਿਲਦੀ ਹੈ।
ਉਨ੍ਹਾ ਭਾਗ ਲੈ ਰਹੇ ਖਿਡਾਰੀਆਂ ਨੂੰ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਨਾਲ ਜੁੜ ਕੇ ਅਸੀਂ ਨਸ਼ਿਆ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਆਪਣੀ ਸਹਿਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨ੍ਹਾਂ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆ ਇਹ ਕਾਮਨਾ ਕੀਤੀ ਕਿ ਬੱਚੇ ਆਪਣੇ ਜੀਵਨ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਅਤੇ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ।