ਡਿਪਟੀ ਕਮਿਸ਼ਨਰ ਨੇ 10 ਆਸ਼ਾ ਵਰਕਰਾਂ ਨੂੰ ਟੀ ਬੀ ਮੁਹਿੰਮ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਲਈ ਕੀਤਾ ਸਨਮਾਨਿਤ
ਅੰਮ੍ਰਿਤਸਰ 31 ਦਸੰਬਰ 2024--
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ 10 ਆਸ਼ਾ ਵਰਕਰਾਂ ਨੂੰ ਟੀ ਬੀ ਮੁਕਤ ਭਾਰਤ ਅਭਿਯਾਨ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਲਈ "ਮਹੀਨੇ ਦੇ ਬਿਹਤਰ ਕਰਮਚਾਰੀ" ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਇਹਨਾਂ ਆਸ਼ਾ ਵਰਕਰਾਂ ਵਿੱਚ ਬਾਬਾ ਦੀਪ ਸਿੰਘ ਕਲੋਨੀ ਦੀ ਸੁਮਨ ਕੁਮਾਰੀ, ਇੱਬਨ ਕਲਾਂ ਦੀ ਕੁਲਦੀਪ ਕੌਰ, ਆਜ਼ਾਦ ਨਗਰ ਕੋਟ ਖਾਲਸਾ ਦੀ ਗੀਤਾ, ਦਯਾਨੰਦ ਨਗਰ ਦੀ ਇੰਦੂਬਾਲਾ, ਦਸ਼ਮੇਸ਼ ਨਗਰ ਕੋਟ ਖਾਲਸਾ ਦੀ ਸੰਦੀਪ ਅਤੇ ਰਜਨੀ, ਮੋਹਨ ਕਲੋਨੀ ਕੋਟ ਖਾਲਸਾ ਦੀ ਸਰਬਜੀਤ, ਸੰਜੈ ਕਲੋਨੀ ਦੀ ਰਵਿੰਦਰ ਅਤੇ ਪਿੰਡ ਜਾਣੀਆਂ ਮਾਨਾਂਵਾਲ ਦੀ ਨਵਜੋਤ ਕੌਰ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਆਸ਼ਾ ਵਰਕਰਾਂ ਵਲੋਂ ਟੀ ਬੀ ਮੁਕਤ ਭਾਰਤ ਅਭਿਯਾਨ ਤਹਿਤ ਘਰ ਘਰ ਜਾ ਕੇ ਟੀ ਬੀ ਮਰੀਜਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਟੀ ਬੀ ਮੁਕਤ ਭਾਰਤ ਅਭਿਯਾਨ ਦਾ ਹਿੱਸਾ ਬਣੀਏ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨਾਂ ਬਾਕੀ ਆਸ਼ਾ ਵਰਕਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਕਮੰ ਲਈ ਅੱਗੇ ਆਉਣ ਅਤੇ ਜੋ ਵੀ ਆਸ਼ਾ ਵਰਕਰ ਵਧੀਆ ਕਾਰਗੁਜਾਰੀ ਕਰਨਗੀਆਂ ਉਨਾਂ ਨੂੰ ਵੀ ਜਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ ਤੋਂ ਇਲਾਵਾ ਹੋਰ ਵੀ ਡਾਕਟਰ ਹਾਜ਼ਰ ਸਨ।