ਬੀ.ਪੀ.ਈ.ਓ ਫ਼ਿਰੋਜ਼ਪੁਰ-2 ਵੱਲੋਂ ਪੰਜਵੀਂ ਜਮਾਤ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ

ਬੀ.ਪੀ.ਈ.ਓ ਫ਼ਿਰੋਜ਼ਪੁਰ-2 ਵੱਲੋਂ ਪੰਜਵੀਂ ਜਮਾਤ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ
ਪ੍ਰੀਖਿਆ ਕੇਂਦਰਾਂ ਤੇ ਅਨੁਸ਼ਾਸਨ ਅਤੇ ਪਾਰਦਰਸ਼ਤਾ ਬਰਕਰਾਰ ਰੱਖਣਾ ਅਤਿ ਜਰੂਰੀ - ਸ਼੍ਰੀ ਰਾਜਨ ਨਰੂਲਾ ਬੀ.ਪੀ.ਈ.ਓ ਫ਼ਿਰੋਜ਼ਪੁਰ-2
ਫ਼ਿਰੋਜ਼ਪੁਰ 13 ਮਾਰਚ 2025 ( ਸੁਖਵਿੰਦਰ ਸਿੰਘ ):- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸ਼੍ਰੀ ਕੋਮਲ ਅਰੋੜਾ ਦੀ ਅਗਵਾਈ ਹੇਠ ਪੰਜਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਫਿਰੋਜਪੁਰ-2 ਸ਼੍ਰੀ ਰਾਜਨ ਨਰੂਲਾ ਵੱਲੋਂ ਬਲਾਕ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਪ੍ਰੀਖਿਆ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਰੂਰੀ ਹਦਾਇਤਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਅਤੇ ਵਿਦਿਆਰਥੀਆਂ ਲਈ ਕੀਤੀਆਂ ਸਹੂਲਤਾਂ ਦੀ ਵੀ ਸਮੀਖਿਆ ਕੀਤੀ।
ਇਸ ਦੌਰਾਨ ਬਲਾਕ ਸਿੱਖਿਆ ਅਫ਼ਸਰ ਨੇ ਸਭ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਦੇ ਹਾਲ ਵਿੱਚ ਬੈਠੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਤਿਆਰੀ ਬਾਰੇ ਜਾਣਕਾਰੀ ਲਈ ਅਤੇ ਬੱਚਿਆਂ ਨੂੰ ਸ਼ੁੱਭ ਇੱਛਾਵਾਂ ਦਿਤੀਆਂ। ਉਹਨਾਂ ਨੇ ਅਧਿਆਪਕਾਂ ਤੇ ਕੇਂਦਰ ਅਧਿਕਾਰੀਆਂ ਨੂੰ ਪ੍ਰੀਖਿਆ ਦੌਰਾਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਉਹਨਾਂ ਆਖਿਆ ਕਿ ਪ੍ਰੀਖਿਆ ਕੇਂਦਰਾਂ ਤੇ ਅਨੁਸ਼ਾਸਨ ਅਤੇ ਪਾਰਦਰਸ਼ਤਾ ਬਰਕਰਾਰ ਰੱਖਣਾ ਅਤਿ ਜਰੂਰੀ ਹੈ। ਵਿਦਿਆਰਥੀਆਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਪ੍ਰੀਖਿਆ ਕੇਂਦਰਾਂ ਤੇ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ, ਬਿਜਲੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਜਾਂਚ ਕੀਤੀ।
ਇਸ ਤੋਂ ਇਲਾਵਾ ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਤਨਾਅ ਰਹਿਤ ਵਾਤਾਵਰਨ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੀ ਪ੍ਰੀਖਿਆ ਦੇ ਸਕਣ। ਉਹਨਾਂ ਇਹ ਵੀ ਕਿਹਾ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤਾਂ ਓਸੇ ਸਮੇਂ ਉੱਚ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਸ਼੍ਰੀ ਰਾਜਨ ਨਰੂਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਮੁੱਖ ਉਦੇਸ਼ ਸਿੱਖਿਆ ਪ੍ਰੀਖਿਆਵਾਂ ਆਯੋਜਿਤ ਕਰਨਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਇੱਕ ਨਿਰਪੱਖ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਵੀ ਹੈ।
Related Posts
Latest News
-(35).jpeg)