ਡਿਪਟੀ ਕਮਿਸ਼ਨਰ ਨੇ ਰਬੀ ਸੀਜ਼ਨ ਦੌਰਾਨ ਕਣਕ ਦੀ ਖਰੀਦ ਤੇ ਸਟੋਰੇਜ਼ ਲਈ ਅਗੇਤੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫ਼ਿਰੋਜ਼ਪੁਰ, 26 ਮਾਰਚ: 2025 ( ਸੁਖਵਿੰਦਰ ਸਿੰਘ ):- ਰਬੀ ਸੀਜ਼ਨ ਦੌਰਾਨ ਦੇ ਕਣਕ ਦੀ ਖਰੀਦ, ਸਟੋਰੇਜ਼, ਕਰੇਟਾਂ ਦੀ ਉਪਲੱਬਧਤਾ, ਬਾਰਦਾਨਾ, ਟਰਾਂਸਪੋਰਟ, ਲੇਬਰ ਦੇ ਟੈਂਡਰ, ਮੰਡੀਆਂ 'ਚ ਸੁਚੱਜੇ ਪ੍ਰਬੰਧਾਂ ਆਦਿ ਲਈ ਅਗੇਤੇ ਪ੍ਰਬੰਧਾਂ ਬਾਰੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਵੱਲੋਂ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖ਼ਰੀਦ ਅਤੇ ਸਟੋਰੇਜ਼ ਸਬੰਧੀ ਅਗੇਤੇ ਪ੍ਰਬੰਧ ਯਕੀਨੀ ਬਣਾਉਣ ਸਮੇਤ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸਾਫ਼-ਸਫ਼ਾਈ, ਬਿਜਲੀ, ਪਾਣੀ ਲਈ ਸਾਫ਼ ਪਾਣੀ, ਬਾਰਦਾਨਾ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਫ਼ਸਲ ਦੀ ਆਮਦ ’ਤੇ ਫ਼ਸਲ ਦੀ ਨਮੀ ਨੂੰ ਸਹੀ ਢੰਗ ਨਾਲ ਚੈੱਕ ਕੀਤਾ ਜਾਵੇ ਅਤੇ ਫ਼ਸਲ ਦੀ ਸਟੋਰੇਜ ਲਈ ਗੁਦਾਮਾਂ ਜਾਂ ਹੋਰ ਥਾਵਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਰੱਬੀ ਸੀਜ਼ਨ ਦੀ ਫ਼ਸਲ ਦੀ ਖਰੀਦ ਲਈ ਕੁੱਲ 126 ਮੰਡੀਆਂ ਹਨ। ਉਨ੍ਹਾਂ ਦੱਸਿਆ ਕਿ ਖ਼ਰੀਦ ਅਤੇ ਸਟੋਰੇਜ਼ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ ਅਤੇ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਬਾਰਦਾਨੇ, ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਛਾਂ ਆਦਿ ਸਮੇਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜਿਲਾ ਕੰਟਰੋਲਰ, ਖੁਰਾਕ ਅਤੇ ਸਪਲਾਈ ਦੁਆਰਾ ਕਣਕ ਦੇ ਖਰੀਦ ਪ੍ਰਬੰਧ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲੇ ਵਿੱਚ ਟੀਚੇ ਅਨੁਸਾਰ ਕਣਕ ਦੀ ਖਰੀਦ ਲਈ ਕੁੱਲ 33696 ਗੱਠਾਂ ਦੀ ਜਰੂਰਤ ਹੈ ਅਤੇ ਪੰਜਾਬ ਸਰਕਾਰ ਦੁਆਰਾ 29762 ਗੱਠਾਂ ਦੇ ਇੰਡੈਂਟ ਪਲੇਸ ਕੀਤੇ ਗਏ ਹਨ। ਹੁਣ ਤੱਕ ਜਿਲੇ ਵਿੱਚ ਸਮੂਹ ਏਜੰਸੀਆਂ ਪਾਸ 25677 ਗੱਠਾਂ ਪ੍ਰਾਪਤ ਹੋ ਗਈਆਂ ਹਨ। ਉਕਤ ਅਨੁਸਾਰ ਜਿਲ੍ਹੇ ਵਿੱਚ ਹੁਣ ਤੱਕ 76 ਪ੍ਰਤੀਸ਼ਤ ਗੱਠਾਂ ਪ੍ਰਾਪਤ ਹੋ ਚੁੱਕੀਆਂ ਹਨ। ਏਜੰਸੀਆਂ ਦੇ ਸਮੂਹ ਜਿਲਾ ਅਧਿਆਰੀਆਂ ਦੁਆਰਾ ਇਹ ਭਰੋਸਾ ਦਿੱਤਾ ਗਿਆ ਕਿ ਕਣਕ ਦੀ ਖਰੀਦ ਲਈ ਲੋੜੀਂਦਾ ਬਾਰਦਾਨਾ ਉਪਲਬਧ ਹੋ ਜਾਵੇਗਾ। ਕਣਕ ਦੀ ਸਟੋਰੇਜ ਸਪੇਸ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਸਮੂਹ ਐਸ.ਡੀ.ਐਮ ਵੱਲੋ ਦੱਸਿਆ ਗਿਆ ਕਿ ਉਹਨਾ ਵੱਲੋਂ ਏਜ਼ਸੀਆਂ ਦੁਆਰਾ ਤੈਅ ਕੀਤੇ ਗਏ ਰਾਇਸ ਮਿੱਲਾਂ/ਸਟੋਰੇਜ ਸਪੇਸ ਦਾ ਨਿਜੀ ਤੌਰ 'ਤੇ ਦੌਰਾ ਕੀਤਾ ਜਾ ਚੁੱਕਾ ਹੈ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਏਜੰਸੀ ਪਾਸ ਕੁੱਲ 411119 ਟਨ ਸਪੇਸ ਉਪਲੱਬਧ ਹੈ ਅਤੇ 156107 ਟਨ ਕਣਕ ਐੱਫ.ਸੀ.ਆਈ ਨੂੰ ਸਿੱਧੇ ਤੌਰ ਤੇ ਜਾਰੀ ਕੀਤੀ ਜਾਣੀ ਹੈ। ਇਸ ਉਪਰੰਤ 431781 ਟਨ ਦੀ ਘਾਟ ਵਿਰੁੱਧ ਰਾਇਸ ਮਿੱਲਾਂ ਵਿੱਚ ਕਣਕ ਦੀ ਸਟੌਰੇਜ਼ ਲਈ ਸਪੇਸ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਸਮੂਹ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਤੋਂ ਪਹਿਲਾਂ ਪਹਿਲਾਂ ਲੱਕੜੀ ਦੇ ਕਰੇਟਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਜਾਵੇਗਾ।
ਸਮੂਹ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਖਰੀਦ ਕੀਤੀ ਜਾਣ ਵਾਲੀ ਕਣਕ ਦੀ ਲਿਫਟਿੰਗ ਲਈ ਟੈਂਡਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਬੰਧੀ ਕੋਈ ਵੀ ਮੁਸ਼ਕਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ, ਐਸ.ਡੀ.ਐਮ. ਫ਼ਿਰੋਜ਼ਪੁਰ/ਗੁਰੂਹਰਸਹਾਏ ਦਿਵਯਾ ਪੀ., ਐਸ.ਡੀ.ਐਮ. ਜ਼ੀਰਾ ਗੁਰਮੀਤ ਸਿੰਘ, ਰਮਨ ਗੋਇਲ ਡੀ.ਐਮ. ਪਨਸਪ, ਮੁਨੀਸ਼ ਧੀਮਾਨ ਡੀ.ਐਮ. ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਦਰਸ਼ਨ ਲਾਲ ਡੀ.ਐਮ. ਮਾਰਕਫੈੱਡ, ਡੀ.ਐਫ.ਐਸ.ਓ. ਅਤੇ ਸਮਰਜੀਤ ਸਿੰਘ ਹਾਜ਼ਰ ਸਨ।
Related Posts
Latest News
.jpeg)