ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 02-11-2024 ਅੰਗ 611
ਸੋਰਠਿ ਮਹਲਾ ੫
॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ, (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥ ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ। ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!