ਜ਼ਿਲ੍ਹਾ ਡੇਰਾਬੱਸੀ ਵਿੱਚ ਜ਼ਮੀਨਦੋਜ਼ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ 8 ਵੱਡੇ ਤਾਲਾਬ ਬਣਾਏ ਜਾਣਗੇ ਜੋ ਕਿ ਏਕੜ ਖੇਤਰ ਵਿੱਚ ਫੈਲਿਆ ਹੋਵੇਗਾ
ਐਸ.ਏ.ਐਸ.ਨਗਰ, 18 ਦਸੰਬਰ, 2024:
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਦੱਸਿਆ ਕਿ ਡੇਰਾਬੱਸੀ ਸਬ ਡਵੀਜ਼ਨ ਵਿੱਚ ਜ਼ਮੀਨਦੋਜ਼ ਪਾਣੀ ਦੇ ਘਟ ਰਹੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ, ਰੀਚਾਰਜਿੰਗ ਦੇ ਉਦੇਸ਼ਾਂ ਲਈ ਅੱਠ ਨਵੇਂ ਤਾਲਾਬ (20 ਏਕੜ ਹਰੇਕ) ਬਣਾਏ ਜਾਣਗੇ।
ਉਨ੍ਹਾਂ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਮੁਹਾਲੀ ਵਿਖੇ ਜਲ ਸਰੋਤ ਵਿਭਾਗ (ਡਰੇਨੇਜ-ਕਮ-ਮਾਈਨਿੰਗ ਅਤੇ ਜਿਓਲੋਜੀ ਡਿਵੀਜ਼ਨ ਐਸ.ਏ.ਐਸ. ਨਗਰ) ਵੱਲੋਂ ਕੀਤੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਛੱਪੜਾਂ ਦੀ ਖੁਦਾਈ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।
ਡੇਰਾਬੱਸੀ ਵਿੱਚ ਸਾਰੰਗਪੁਰ, ਹੰਡੇਸਰਾ ਅਤੇ ਸਾਰੰਗਪੁਰ (ਦੋਵੇਂ ਟਾਂਗਰੀ ਨਦੀ ਨੇੜੇ), ਅੰਟਾਲਾ ਡਰੇਨ, ਰਾਜਪੁਰ ਖੇਲਾਂ, ਘੱਗਰ ਦਰਿਆ ਦੇ ਨਾਲ ਬਹੋੜਾ, ਬਿਜਨਪੁਰ, ਰਾਣੀ ਮਾਜਰਾ ਆਦਿ ਇਲਾਕਿਆਂ ਇਨ੍ਹਾਂ ਛਪੜਾਂ ਨੂੰ ਚੈਕ ਡੈਮ ਬਣਾ ਕੇ ਤਿਆਰ ਕੀਤਾ ਜਾਵੇਗਾ ਤਾਂ ਜੋ ਹੜ੍ਹ ਦੇ ਪਾਣੀ ਨੂੰ ਰਿਚਾਰਜ ਕਰਨ ਦੇ ਨਾਲ-ਨਾਲ ਜ਼ਮੀਨ ਨੂੰ ਹੜ੍ਹ ਤੋਂ ਬਚਾਓ ਕਾਰਜ ਵਿੱਚ ਮਦਦਗਾਰ ਹੋਣਗੇ।
ਇਸ ਤੋਂ ਇਲਾਵਾ, ਚੋਅ ਅਤੇ ਡਰੇਨਾਂ ਨੂੰ ਵੱਖ-ਵੱਖ ਗੰਦੇ ਤਰਲ ਰਹਿੰਦ-ਖੂੰਹਦ ਦੇ ਨਿਪਟਾਰੇ ਤੋਂ ਮੁਕਤ ਬਣਾਉਣ ਲਈ, ਸਬੰਧਤ ਵਿਭਾਗਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਨਾਲ ਨਿਕਾਸੀ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਪੀਪੀਸੀਬੀ ਅਤੇ ਡਰੇਨੇਜ ਵਿਭਾਗਾਂ ਵੱਲੋਂ ਜ਼ਿਲ੍ਹੇ ਵਿੱਚ 46 ਅਜਿਹੇ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਭਾਗਾਂ ਨੂੰ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਪਹਿਲਾਂ ਹੀ ਨੋਟਿਸ ਭੇਜੇ ਗਏ ਹਨ।
ਇਸੇ ਤਰ੍ਹਾਂ ਨਿੱਜੀ ਜ਼ਮੀਨਾਂ ਵਿੱਚ ਪੈਂਦੀਆਂ ਡਰੇਨਾਂ ਦੀ ਸ਼ਨਾਖਤ ਕਰ, ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅਜਿਹੀਆਂ 21 ਡਰੇਨਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ ਜਦੋਂਕਿ ਬਾਕੀ 21 ਡਰੇਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਨੋਟੀਫਾਈ ਕੀਤਾ ਜਾਵੇਗਾ।
ਜ਼ਿਲ੍ਹੇ ਵਿੱਚ ਕੀਤੇ ਗਏ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਚੋਅ, ਨਾਲਿਆਂ, ਡਰੇਨਾਂ ਅਤੇ ਘੱਗਰ ਨਦੀ, ਝਿਰਮਲ ਨਦੀ, ਟਾਂਗਰੀ ਨਦੀ, ਪਟਿਆਲਾ ਕੀ ਰਾਓ, ਜੈਅੰਤੀ ਦੇਵੀ ਕੀ ਰਾਓ ਆਦਿ ਦੇ ਨਾਲ ਕੁੱਲ 36 ਮਜ਼ਬੂਤੀ ਦੇ ਕੰਮ ਕੀਤੇ ਗਏ ਹਨ। ਇਹ ਕਾਰਜ ਨਾਨ-ਪਲੈਨ, ਰਾਜ ਆਫ਼ਤ ਪ੍ਰਬੰਧਨ ਫੰਡ ਅਤੇ ਮਨਰੇਗਾ ਦੇ ਤਹਿਤ ਲਗਭਗ 627.24 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ ਜੋ ਖੇਤਾਂ ਅਤੇ ਆਬਾਦੀ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਮਦਦਗਾਰ ਹੋਵੇਗਾ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਐਸਡੀਐਮ ਅਮਿਤ ਗੁਪਤਾ, ਐਸਡੀਐਮ ਗੁਰਮੰਦਰ ਸਿੰਘ, ਡੀਆਰਓ ਅਮਨ ਚਾਵਲਾ, ਜ਼ਿਲ੍ਹਾ ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਅਫਸਰ ਗੁਰਤੇਜ ਸਿੰਘ ਅਤੇ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਸ਼ਾਮਲ ਸਨ।