ਡੇਅਰੀ ਵਿਕਾਸ ਵਿਭਾਗ ਨੇ ਪਿੰਡ ਹਰੀਏਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ
ਫਰੀਦਕੋਟ 18 ਦਸੰਬਰ 2024 ( ) ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਅਗਵਾਈ ਵਿੱਚ ਵਿਭਾਗ ਵਲੋਂ ਪਿੰਡ ਹਰੀਏਵਾਲਾ, ਬਲਾਕ ਕੋਟਕਪੂਰਾ ਜਿਲ੍ਹਾ ਫਰੀਦਕੋਟ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸ਼੍ਰੀ ਨਿਰਵੈਰ ਸਿੰਘ ਬਰਾੜ ਵਲੋਂ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਦੋ ਹਫਤੇ ਤੇ ਚਾਰ ਹਫਤੇ ਦੀ ਸਿਖਲਾਈ, 2 ਤੋਂ 20 ਪਸ਼ੂਆਂ ਤੱਕ ਡੀ.ਡੀ.8 ਕਰਜਾ ਸਕੀਮ ਤਹਿਤ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ। ਮਿਲਕਫੈਡ ਦੇ ਅਸਿਸਟੈਂਟ ਮੈਨੇਜਰ ਡਾ. ਗੁਰਪਿੰਦਰ ਸਿੰਘ ਵਲੋਂ ਸਫਲ ਡੇਅਰੀ ਫਾਰਮਿੰਗ ਦੇ ਨੁਕਤਿਆਂ ਬਾਰੇ ਅਤੇ ਮਿਲਕਫੈਡ ਦੀਆਂ ਸਕੀਮਾਂ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ। ਸ਼੍ਰੀ ਜਗਪਾਲ ਸਿੰਘ ਬਰਾੜ, ਕੋਆਪਰੇਟਿਵ ਇੰਸਪੈਕਟਰ (ਰਿਟਾ:) ਵਲੋਂ ਦੁੱਧ ਸੁਸਾਇਟੀ, ਵਰਕ ਕਲਚਰ ਅਤੇ ਸਾਫ ਦੁੱਧ ਦੀ ਪੈਦਾਵਾਰ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਅਵਤਾਰ ਸਿੰਘ , ਸੀਨੀਅਰ ਵੈਟਰਨਰੀ ਅਫਸਰ ਫਰੀਦਕੋਟ ਵਲੋਂ ਦੁਧਾਰੂ ਪਸ਼ੂਆਂ ਦੀਆਂ ਬਿਮਾਰੀਆਂ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਡੇਅਰੀ ਫਾਰਮਰਾਂ ਨੂੰ ਦੱਸਿਆ ਗਿਆ। ਡਾ. ਹਰਮੰਦਰ ਸਿੰਘ ਸੰਧੂ ਰਿਟਾ. ਅਸਿਸਟੈਂਟ ਡਾਇਰੈਕਟਰ ਵੱਲੋਂ ਦੁਧਾਰੂ ਪਸ਼ੂਆਂ ਦੀ ਖੁਰਾਕ ਬਾਰੇ ਡੇਅਰੀ ਫਾਰਮਰਾਂ ਨੂੰ ਜਾਣਕਾਰੀ ਦਿੱਤੀ। ਸ਼੍ਰੀ ਗੁਰਲਾਲ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵਲੋਂ ਮਨੁੱਖੀ ਜੀਵਨ ਵਿੱਚ ਦੁੱਧ ਦੀ ਮਹੱਤਤਾ ਅਤੇ ਬਾਉਲੇ ਦੁੱਧ ਦੇ ਫਾਇਦੇ ਬਾਰੇ ਡੇਅਰੀ ਫਾਰਮਰਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਕੈਂਪ ਵਿੱਚ ਸ਼੍ਰੀ ਚਮਕੌਰ ਸਿੰਘ , (ਸਰਪੰਚ ਹਰੀਏਵਾਲਾ), ਸ਼੍ਰੀ ਪਰਮਿੰਦਰ ਸਿੰਘ, ਅਤੇ ਸ਼੍ਰੀ ਭਰਪੂਰ ਸਿੰਘ (ਪੰਚਾਇਤ ਮੈਂਬਰ) ਅਤੇ ਪਿੰਡ ਦੇ ਡੇਅਰੀ ਫਾਰਮਰਾਂ ਵਲੋਂ ਕੈਂਪ ਵਿੱਚ ਭਾਗ ਲਿਆ ਗਿਆ। ਅੰਤ ਵਿੱਚ ਸ਼੍ਰੀ ਹਰਮਨਪ੍ਰੀਤ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵਲੋਂ ਕੈਂਪ ਵਿੱਚ ਸ਼ਾਮਲ ਡੇਅਰੀ ਫਾਰਮਰਾਂ ਦਾ ਧੰਨਵਾਦ ਕੀਤਾ ਗਿਆ।