ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਚੈਕਿੰਗ
ਫਰੀਦਕੋਟ 5 ਦਸਬੰਰ () ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ, ਪ੍ਰੋਟੈਕਸ਼ਨ ਅਫਸਰ.ਆਈ.ਸੀ ਸੁਖਮੰਦਰ ਸਿੰਘ, ਪ੍ਰੋਟੈਕਸ਼ਨ ਅਫਸਰ. ਐਨ.ਆਈ.ਸੀ ਸੁਮਨਦੀਪ ਸਿੰਘ ਅਤੇ ਕੁਲਦੀਪ ਕੁਮਾਰ ਸਬ ਇੰਸਪੈਕਟਰ ਵੱਲੋਂ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਬਾਲ ਭਿੱਖਿਆ/ਰੈਗ ਪਿਕਿੰਗ ਨੂੰ ਰੋਕਣ ਲਈ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਰੇਲਵੇ ਪੁਲਿਸ ਫੋਰਸ ਨਾਲ ਮੀਟਿੰਗ ਵੀ ਕੀਤੀ ਗਈ।
ਮੀਟਿੰਗ ਦੇ ਦੌਰਾਨ ਬਾਲ ਭਿੱਖਿਆ ਤੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਬਾਲ ਭਿੱਖਿਆ /ਰੈਗ ਪਿਕਿੰਗ ਕਰਵਾਉਂਣ ਵਾਲੇ ਵਿਅਕਤੀ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਪੁਲਿਸ ਵਿਭਾਗ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਬੱਚਾ ਬਾਲ ਭਿੱਖਿਆ/ਰੈਗ ਪਿੰਕਿੰਗ ਕਰਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ, ਦੇ ਸਨਮੁੱਖ ਪੇਸ਼ ਕੀਤਾ ਜਾਵੇ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਵੱਲੋਂ ਦੱਸਿਆ ਕਿ ਵਿਭਾਗ ਦਾ ਮੁੱਖ ਮੰਤਵ ਅਜਿਹੇ ਬੱਚਿਆਂ ਨੂੰ ਬਾਲ ਭਿਖਿਆ/ ਰੈਗ ਪਿਕਿੰਗ ਅਤੇ ਬਾਲ ਮਜਦੂਰੀ ਤੋਂ ਰੋਕ ਕੇ ਬੱਚਿਆਂ ਨੂੰ ਲਗਾਤਾਰ ਸਕੂਲ ਭੇਜਣਾ ਹੈ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਵੱਲੋਂ ਦਿੱਤੀ ਜਾਂਦੀ ਸਪੌਸਰਸ਼ਿਪ ਸਕੀਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੰਨ੍ਹਾਂ ਬੱਚਿਆ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੈ ਜਾਂ ਬੱਚੇ ਪਰਿਵਾਰ ਵੱਲੋਂ ਤਿਆਗ ਦਿੱਤੇ ਹੋਣ, ਅਨਾਥ ਬੱਚੇ ਜਿਹੜੇ ਦੂਜੇ ਪਰਿਵਾਰਾਂ ਨਾਲ ਰਹਿ ਰਹੇ ਹੋਣ, ਜਿਨ੍ਹਾ ਬੱਚਿਆਂ ਦੇ ਮਾਤਾ - ਪਿਤਾ ਕਿਸੇ ਜਾਨਲੇਵਾ ਬਿਮਾਰੀ ਤੋਂ ਪੀੜਿਤ ਹੋਣ, ਜਿਨ੍ਹਾ ਬੱਚਿਆਂ ਦੇ ਮਾਤਾ - ਪਿਤਾ ਸਰੀਰਕ ਅਤੇ ਆਰਥਿਕ ਪੱਖ ਦੋਹਾਂ ਤੋਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰੱਥ ਹੋਣ, ਅਜਿਹੇ ਪਰਿਵਾਰਾਂ ਲਈ ਆਮਦਨ ਸ਼ਹਿਰੀ ਖੇਤਰ ਲਈ 96,000 ਰੁਪਏ ਸਲਾਨਾ ਅਤੇ ਪੇਂਡੂ ਖੇਤਰ ਲਈ 72,000 ਰੁਪਏ ਸਲਾਨਾ ਤੋਂ ਘੱਟ ਹੋਣੀ ਚਾਹੀਦੀ ਹੈ, ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ 4000/ਰੁਪਏ ਪ੍ਰਤੀ ਮਹੀਨਾ ਸਪੌਸਰਸ਼ਿਪ ਦਿੱਤੀ ਜਾਂਦੀ ਹੈ। ਇਸ ਮੌਕੇ ਸੋਸ਼ਲ ਵਰਕਰ ਰਮਨਪ੍ਰੀਤ ਕੌਰ ਬਰਾੜ, ਕਾਸਟੇਬਲ ਮਨਜੀਤ ਸਿੰਘ ਅਤੇ ਰਵਿੰਦਰ ਕੌਰ ਵੀ ਮੌਜੂਦ ਸਨ।